ਯੂ.ਏ.ਈ. ''ਚ ਕੋਰੋਨਾ ਕਾਰਨ ਭਾਰਤੀ ਮਹਿਲਾ ਟੀਚਰ ਦੀ ਮੌਤ

04/30/2020 4:53:20 PM

ਦੁਬਈ (ਬਿਊਰੋ): ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਵਿਚ ਕੋਵਿਡ-19 ਕਾਰਨ ਇਕ ਸੀਨੀਅਰ ਭਾਰਤੀ ਮਹਿਲਾ ਟੀਚਰ ਦੀ ਮੌਤ ਹੋ ਗਈ ਹੈ। ਮਹਿਲਾ ਟੀਚਰ ਦੇ ਪਤੀ ਰਾਏ ਮੈਥਿਊ ਸੈਮੁਅਲ ਦੇ ਮੁਤਾਬਕ ਆਬੂ ਧਾਬੀ ਦੇ ਇੰਡੀਅਨ ਸਕੂਲ ਵਿਚ ਪੜ੍ਹਾਉਣ ਵਾਲੀ ਪ੍ਰਿੰਸੀ ਰਾਏ ਮੈਥਿਊ ਦੀ ਬੁੱਧਵਾਰ ਸ਼ਾਮ ਕੋਰੋਨਾਵਾਇਰਸ ਨਾਲ ਇਨਫੈਕਟਿਡ ਹੋਣ ਦੇ ਬਾਅਦ ਮੌਤ ਹੋ ਗਈ।

ਗਲਫ ਨਿਊਜ਼ ਦੀ ਰਿਪੋਰਟ ਦੇ ਮੁਤਾਬਕ ਪ੍ਰਿੰਸੀ ਕੇਰਲ ਦੀ ਰਹਿਣ ਵਾਲੀ ਸੀ। ਉਹਨਾਂ ਦੇ 3 ਬੱਚੇ ਹਨ। ਪ੍ਰਿੰਸੀ ਦੇ ਪਤੀ ਨੇ ਕਿਹਾ,''ਮੈਂ ਆਪਣੀ ਪਤਨੀ ਦੀ ਬੇਵਕਤੀ ਮੌਤ ਨਾਲ ਬਹੁਤ ਦੁਖੀ ਹਾਂ।'' ਉਹਨਾਂ ਨੇ ਦੱਸਿਆ ਕਿ ਪ੍ਰਿੰਸੀ ਨੂੰ ਇਕ ਹਫਤੇ ਪਹਿਲਾਂ ਬੁਖਾਰ ਹੋਣਾ ਸ਼ੁਰੂ ਹੋਇਆ ਸੀ ਅਤੇ ਫਿਰ ਉਸ ਦੀ ਹਾਲਤ ਵਿਗੜਦੀ ਗਈ। ਉਸ ਨੂੰ ਸਾਹ ਲੈਣ ਵਿਚ ਮੁਸ਼ਕਲ ਹੋਈ। ਫਿਰ ਟੈਸਟ ਕਰਨ ਮਗਰੋਂ ਉਸ ਦੀ ਰਿਪੋਰਟ ਕੋਰੋਨਾ ਪੌਜੀਟਿਵ ਆਈ।'' 

ਪਤੀ ਸੈਮੁਅਲ ਨੇ ਕਿਹਾ ਕਿ ਅਸੀਂ ਅੰਤਿਮ ਸੰਸਕਾਰ ਕਰਨ ਲਈ ਮੁਰਦਾਘਰ ਵਿਚੋਂ ਉਸ ਦੀ ਲਾਸ਼ ਆਉਣ ਦਾ ਇੰਤਜ਼ਾਰ ਕਰ ਰਹੇ ਹਾਂ। ਉਹਨਾਂ ਨੇ ਕਿਹਾ ਕਿ ਪਰਿਵਾਰ ਦੇ ਸਾਰੇ ਮੈਂਬਰਾਂ ਦੀ ਸਿਹਤ ਠੀਕ ਹੈ।ਉੱਥੇ ਸਕੂਲ ਦੇ ਪ੍ਰਿੰਸੀਪਲ ਨੀਰਜ ਭਾਰਗਵ ਨੇ ਕਿਹਾ ਕਿ ਲੰਬੇ ਸਮੇਂ ਤੋਂ ਪੜ੍ਹਾ ਰਹੀ ਅੰਗਰੇਜ਼ੀ ਟੀਚਰ ਦੀ ਮੌਤ ਨਾਲ ਸਕੂਲ ਦਾ ਪੂਰਾ ਵਿੱਦਿਅਕ ਭਾਈਚਾਰਾ ਅਤੇ ਕਰਮਚਾਰੀ ਸਦਮੇ ਵਿਚ ਹਨ। ਯੂ.ਏ.ਈ. ਵਿਚ ਕੋਰੋਨਾਵਾਇਰਸ ਦੇ ਮਾਮਲਿਆਂ ਦੀ ਕੁੱਲ ਗਿਣਤੀ 11,929 ਹੈ ਜਦਕਿ 98 ਲੋਕਾਂ ਦੀ ਮੌਤ ਹੋਈ ਹੈ।


Vandana

Content Editor

Related News