ਈਰਾਨ ''ਚ ਹਾਲਾਤ ਨੂੰ ਲੈ ਕੇ ਵਿਸ਼ੇਸ਼ ਸੈਸ਼ਨ ਆਯੋਜਿਤ ਕਰੇਗਾ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਕਮਿਸ਼ਨ
Saturday, Nov 12, 2022 - 03:42 PM (IST)

ਜਿਨੇਵਾ (ਏਜੰਸੀ) : ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਕਮਿਸ਼ਨ ਇਰਾਨ ਵਿਚ ਪ੍ਰਦਰਸ਼ਨਕਾਰੀਆਂ ਖ਼ਿਲਾਫ਼ ਸਰਕਾਰੀ ਕਾਰਵਾਈ, ਪੱਤਰਕਾਰਾਂ ਨੂੰ ਧਮਕੀਆਂ ਅਤੇ ਹੋਰ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਮਾਮਲਿਆਂ ਦੇ ਮੱਦੇਨਜ਼ਰ ਵਿਸ਼ੇਸ਼ ਸੈਸ਼ਨ ਆਯੋਜਿਤ ਕਰਨ ਜਾ ਰਿਹਾ ਹੈ। ਕਮਿਸ਼ਨ ਜਰਮਨੀ ਅਤੇ ਆਈਸਲੈਂਡ ਦੀ ਡਿਪਲੋਮੈਟਿਕ ਬੇਨਤੀ 'ਤੇ ਇਹ ਸੈਸ਼ਨ 24 ਨਵੰਬਰ ਨੂੰ ਆਯੋਜਿਤ ਹੋ ਸਕਦਾ ਹੈ।
ਜਰਮਨੀ ਨੇ ਸ਼ੁੱਕਰਵਾਰ ਨੂੰ ਕਮਿਸ਼ਨ ਨੂੰ ਇੱਕ ਪੱਤਰ ਭੇਜਿਆ ਸੀ, ਜਿਸ ਵਿਚ "ਇਰਾਨ ਵਿੱਚ ਵਿਸ਼ੇਸ਼ ਰੂਪ ਨਾਲ ਔਰਤਾਂ ਅਤੇ ਬੱਚਿਆਂ ਦੇ ਸੰਦਰਭ ਵਿਚ ਵਿਗੜਦੀ ਸਥਿਤੀ ਨਾਲ ਨਜਿੱਠਣ ਲਈ ਵਿਸ਼ੇਸ਼ ਸੈਸ਼ਨ ਆਯੋਜਿਤ ਕਰਨ ਦੀ ਬੇਨਤੀ ਕੀਤੀ ਸੀ। ਕਮਿਸ਼ਨ ਦੇ 47 ਮੈਂਬਰਾਂ ਵਿੱਚੋਂ ਘੱਟੋ-ਘੱਟ ਇੱਕ ਤਿਹਾਈ ਨੇ ਇਸ ਬੇਨਤੀ ਦਾ ਸਮਰਥਨ ਕੀਤਾ ਹੈ। ਈਰਾਨ 'ਚ 16 ਸਤੰਬਰ ਨੂੰ ਧਾਰਮਿਕ ਪੁਲਸ ਦੀ ਹਿਰਾਸਤ 'ਚ 22 ਸਾਲਾ ਕੁੜੀ ਮਹਿਸਾ ਅਮੀਨੀ ਦੀ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਉਥੇ ਸਰਕਾਰ ਵਿਰੋਧੀ ਪ੍ਰਦਰਸ਼ਨ ਸ਼ੁਰੂ ਹੋ ਗਏ ਸਨ।
ਇਸ ਦੌਰਾਨ ਈਰਾਨ ਵਿੱਚ ਕਥਿਤ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਕਈ ਮਾਮਲੇ ਸਾਹਮਣੇ ਆਏ ਹਨ। ਹਿਊਮਨ ਰਾਈਟਸ ਐਕਟੀਵਿਸਟਸ ਨਾਮਕ ਨਿਗਰਾਨੀ ਸਮੂਹ ਮੁਤਾਬਕ ਈਰਾਨ 'ਚ ਚੱਲ ਰਹੇ ਪ੍ਰਦਰਸ਼ਨਾਂ ਦੌਰਾਨ ਘੱਟੋ-ਘੱਟ 328 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 14,825 ਹੋਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।