ਸਰਹੱਦੀ ਜ਼ਿਲ੍ਹਿਆਂ ''ਚ ਤਣਾਅ ਨੂੰ ਲੈ ਕੇ ਸਕੂਲਾਂ ਦੀਆਂ ਛੁੱਟੀਆਂ ਵਧਾਵੇ ਪੰਜਾਬ ਸਰਕਾਰ : ਨਕੱਈ
Sunday, May 11, 2025 - 05:23 PM (IST)

ਮਾਨਸਾ : ਭਾਰਤ-ਪਾਕਿ ਦੀ ਜੰਗ ਨੂੰ ਲੈ ਕੇ ਤਣਾਅ ਦੇ ਮਾਹੌਲ ਅਜੇ ਵੀ ਬਰਕਰਾਰ ਹੈ। ਹਾਲਾਂਕਿ ਭਾਰਤ-ਪਾਕਿ ਵੱਲੋਂ ਜੰਗਬੰਦੀ ਹੋਣ ਦੀਆਂ ਸੂਚਨਾਵਾਂ ਵੀ ਆਈਆਂ ਪਰ ਪਾਕਿ ਵੱਲੋਂ ਹਾਲੇ ਵੀ ਕੋਝੀਆਂ ਹਰਕਤਾਂ ਕੀਤੀਆਂ ਜਾ ਰਹੀਆਂ ਹਨ। ਇਸ ਨਾਲ ਕਈ ਸ਼ਹਿਰਾਂ ਵਿਚ ਬਲੈਕ-ਆਊਟ ਵੀ ਮੁੜ ਕਰਨਾ ਪਿਆ। ਇਸ ਨੂੰ ਲੈ ਕੇ ਪੰਜਾਬ ਸਰਕਾਰ ਨੇ ਬੀਤੇ ਦਿਨੀਂ ਸਕੂਲਾਂ ਵਿਚ 3 ਦਿਨਾਂ ਦੀ ਛੁੱਟੀ ਦੀ ਘੋਸ਼ਣਾ ਕੀਤੀ ਸੀ। ਹਾਲਾਂਕਿ ਜੰਗ ਦੇ ਆਸਾਰ ਥੌੜ੍ਹੇ ਮੱਧਮ ਪਏ ਹਨ ਪਰ ਸਰਹੱਦੀ ਖੇਤਰਾਂ ਦੇ ਸਕੂਲਾਂ ਵਿਚ ਅਧਿਆਪਕਾਂ ਅਤੇ ਬੱਚਿਆਂ ਲਈ ਅਜੇ ਵੀ ਖ਼ਤਰਾ ਬਣਿਆ ਹੋਇਆ ਹੈ। ਆਸਾਰ ਇਹ ਹਨ ਕਿ ਕਿਸੇ ਵੇਲੇ ਵੀ ਪਾਕਿ ਵੱਲੋਂ ਸਰਹੱਦੀ ਖੇਤਰਾਂ ਵਿਚ ਕਿਸੇ ਤਰ੍ਹਾਂ ਦੀ ਸ਼ਰਾਰਤ ਨੂੰ ਅੰਜਾਮ ਦਿੱਤਾ ਜਾ ਸਕਦਾ ਹੈ।
ਇਸ ਸਭ ਦੇ ਦਰਮਿਆਨ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਜਗਦੀਪ ਸਿੰਘ ਨਕੱਈ ਨੇ ਮੰਗ ਕੀਤੀ ਕਿ ਪੰਜਾਬ ਸਰਕਾਰ ਸੂਬੇ ਭਰ ਵਿਚ ਖਾਸ ਕਰਕੇ ਸਰਹੱਦੀ ਖੇਤਰਾਂ ਦੇ ਜ਼ਿਲ੍ਹਿਆਂ ਫਿਰੋਜ਼ਪੁਰ, ਤਰਨ-ਤਾਰਨ, ਅੰਮ੍ਰਿਤਸਰ, ਫਾਜ਼ਿਲਕਾ, ਗੁਰਦਾਸਪੁਰ, ਪਠਾਨਕੋਟ ਦੇ ਸਕੂਲਾਂ ਵਿਚ ਛੁੱਟੀਆਂ ਨੂੰ ਹੋਰ ਵਧਾਵੇ ਤਾਂ ਜੋ ਉੱਥੋਂ ਦੇ ਅਧਿਆਪਕਾਂ, ਬੱਚਿਆਂ ਨੂੰ ਮੁਸ਼ਕਿਲ ਨਾ ਆਵੇ ਅਤੇ ਉਹ ਡਰ-ਭੈਅ ਦੇ ਮਾਹੌਲ ਵਿਚੋਂ ਬਾਹਰ ਨਿਕਲਣ। ਉਨ੍ਹਾਂ ਕਿਹਾ ਕਿ ਜਦੋਂ ਉੱਥੇ ਤਣਾਅ ਬਰਕਰਾਰ ਹੈ। ਅਜਿਹੇ ਮਾਹੌਲ ਵਿਚ ਪੜ੍ਹਾਈ ਸੰਭਵ ਨਹੀਂ। ਜਿਸ ਨਾਲ ਮਹਿਲਾ ਅਧਿਆਪਕਾਂ ਨੂੰ ਹੋਰ ਵੀ ਮੁਸ਼ਕਿਲਾਂ ਆ ਸਕਦੀਆਂ ਹਨ। ਨਕੱਈ ਨੇ ਮੰਗ ਕੀਤੀ ਕਿ ਪੰਜਾਬ ਸਰਕਾਰ ਇਨ੍ਹਾਂ 'ਤੇ ਫੋਰੀ ਧਿਆਨ ਦੇ ਕੇ ਸਰਹੱਦੀ ਖੇਤਰਾਂ ਦੇ ਸਕੂਲਾਂ ਵਿਚ ਛੁੱਟੀਆਂ ਦੀ ਘੋਸ਼ਣਾ ਕਰੇ। ਮਾਹੌਲ ਸ਼ਾਂਤਮਈ ਹੋਣ ਤੋਂ ਬਾਅਦ ਹੀ ਇੱਥੋਂ ਦੇ ਸਕੂਲ ਖੋਲ੍ਹੇ ਜਾਣ।