ਅਫਗਾਨਿਸਤਾਨ ਹਸਪਤਾਲ ਹਮਲੇ ਦੀ ਸੰਯੁਕਤ ਰਾਸ਼ਟਰ ਨੇ ਕੀਤੀ ਨਿੰਦਾ

05/14/2020 3:40:22 PM

ਜਿਨੇਵਾ- ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਨੇ ਅਫਗਾਨਿਸਤਾਨ ਦੇ ਕਾਬੁਲ ਤੇ ਨੰਗਰਹਾਰ ਵਿਚ ਹੋਏ ਅੱਤਵਾਦੀ ਹਮਲਿਆਂ ਦੀ ਸਖਤ ਨਿੰਦਾ ਕਰਦੇ ਹੋਏ ਹਮਲਿਆਂ ਨੂੰ ਕਾਇਰਾਨਾ ਕਰਾਰ ਦਿੱਤਾ ਹੈ ਤੇ ਹਸਪਤਾਲ ਵਿਚ ਨਵਜਾਤ ਬੱਚਿਆਂ, ਮਾਵਾਂ ਤੇ ਸਿਹਤ ਕਰਮਚਾਰੀਆਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਹਮਲਿਆਂ ਨੂੰ ਘਿਨੌਣੀ ਕਾਰਵਾਈ ਦੱਸਿਆ ਹੈ।

ਅੱਤਵਾਦੀਆਂ ਨੇ ਮੰਗਲਵਾਰ ਨੂੰ ਕਾਬੁਲ ਵਿਚ ਇਕ ਜਨਾਨਾ ਹਸਪਤਾਲ ਵਿਚ ਹਮਲਾ ਕੀਤਾ ਸੀ, ਜਿਸ ਵਿਚ ਘੱਟ ਤੋਂ ਘੱਟ 20 ਆਮ ਨਾਗਰਿਕਾਂ ਦੀ ਮੌਤ ਹੋ ਗਈ ਸੀ। ਮ੍ਰਿਤਕਾਂ ਵਿਚ ਦੋ ਨਵਜਾਤ ਬੱਚੇ, ਉਹਨਾਂ ਦੀਆਂ ਮਾਵਾਂ ਤੇ ਕੁਝ ਨਰਸਾਂ ਵੀ ਸ਼ਾਮਲ ਸਨ। ਉਸੇ ਦਿਨ ਨੰਗਰਹਾਰ ਸੂਬੇ ਵਿਚ ਇਕ ਜਨਾਜ਼ੇ ਵਿਚ ਆਤਮਘਾਤੀ ਹਮਲੇ ਦੌਰਾਨ ਘੱਟ ਤੋਂ ਘੱਟ 24 ਲੋਕਾਂ ਦੀ ਮੌਤ ਹੋ ਗਈ ਤੇ 68 ਹੋਰ ਜ਼ਖਮੀ ਹੋ ਗਏ। ਨੰਗਰਹਾਰ ਇਸਲਾਮਿਕ ਸਟੇਟ ਦਾ ਗੜ੍ਹ ਹੈ। ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਨੇ ਬੁੱਧਵਾਰ ਨੂੰ ਜਾਰੀ ਇਕ ਬਿਆਨ ਵਿਚ ਕਿਹਾ ਕਿ ਸੁਰੱਖਿਆ ਪ੍ਰੀਸ਼ਦ ਦੇ ਮੈਂਬਰ ਦੁਬਾਰਾ ਇਸ ਦੀ ਪੁਸ਼ਟੀ ਕਰਦੇ ਹਨ ਕਿ ਅੱਤਵਾਦ ਆਪਣੇ ਵੱਖ-ਵੱਖ ਸਰੂਪਾਂ ਵਿਚ ਅੰਤਰਰਾਸ਼ਟਰੀ ਸ਼ਾਂਤੀ ਤੇ ਸੁਰੱਖਿਆ ਦੇ ਲਈ ਸਭ ਤੋਂ ਵੱਡੇ ਖਤਰਿਆਂ ਵਿਚੋਂ ਇਕ ਹੈ। ਜਾਣਬੁੱਝ ਕੇ ਨਵਜਾਤ ਬੱਚਿਆਂ, ਮਾਵਾਂ ਤੇ ਸਿਹਤ ਕਰਮਚਾਰੀਆਂ ਨੂੰ ਨਿਸ਼ਾਨਾ ਬਣਾ ਕੇ ਹਮਲਾ ਕਰਨਾ ਘਿਨੌਣਾ ਕੰਮ ਹੈ ਤੇ ਇਸ ਦੀ ਨਿੰਦਾ ਕੀਤੀ ਜਾਣੀ ਚਾਹੀਦੀ ਹੈ। ਸੁਰੱਖਿਆ ਪ੍ਰੀਸ਼ਦ ਨੇ ਹਮਲਾ ਕਰਨ ਵਾਲਿਆਂ ਤੇ ਉਹਨਾਂ ਦੀ ਆਰਥਿਕ ਰੂਪ ਨਾਲ ਸਹਾਇਤਾ ਕਰਨ ਵਾਲਿਆਂ ਨੂੰ ਜ਼ਿੰਮੇਦਾਰ ਬਣਾਉਣ ਤੇ ਉਹਨਾਂ 'ਤੇ ਸਖਤ ਕਾਨੂੰਨੀ ਕਾਰਵਾਈ ਕੀਤੇ ਜਾਣ ਦੀ ਲੋੜ 'ਤੇ ਜ਼ੋਰ ਦਿੱਤਾ।

ਸੰਯੁਕਤ ਰਾਸ਼ਟਰ ਡਾਇਰੈਕਟਰ ਜਨਰਲ ਐਂਟੋਨੀਓ ਗੁਤਾਰੇਸ ਨੇ ਵੀ ਅਫਗਾਨਿਸਤਾਨ ਵਿਚ ਹੋਏ ਭਿਆਨਕ ਹਮਲਿਆਂ ਦੀ ਨਿੰਦਾ ਕੀਤੀ ਤੇ ਕਿਹਾ ਕਿ ਇਸ ਤਰ੍ਹਾਂ ਦੇ ਹਮਲੇ ਬਰਦਾਸ਼ਤ ਨਹੀਂ ਕੀਤੇ ਜਾਣਗੇ। ਸੰਯੁਕਤ ਰਾਸ਼ਟਰ ਦੇ ਬੁਲਾਰੇ ਵਲੋਂ ਜਾਰੀ ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਡਾਇਰੈਕਟਰ ਜਨਰਲ ਮੰਗਲਵਾਰ ਨੂੰ ਕਾਬੁਲ ਦੇ ਹਸਪਤਾਲ 'ਤੇ ਹੋਏ ਹਮਲਿਆਂ ਦੀ ਨਿੰਦਾ ਕਰਦੇ ਹਨ, ਜਿਸ ਵਿਚ ਬੱਚਿਆਂ ਤੇ ਔਰਤਾਂ ਸਣੇ ਦਰਜਨਾਂ ਲੋਕ ਜ਼ਖਮੀ ਹੋਏ ਤੇ ਮਾਰੇ ਗਏ। 


Baljit Singh

Content Editor

Related News