UN ਨੇ ਸੀਰੀਆ ''ਚ ਲਾਪਤਾ 1.30 ਲੱਖ ਲੋਕਾਂ ਦਾ ਪਤਾ ਲਗਾਉਣ ਲਈ ਸੰਸਥਾ ਦੇ ਗਠਨ ਨੂੰ ਦਿੱਤੀ ਮਨਜ਼ੂਰੀ
Friday, Jun 30, 2023 - 02:52 PM (IST)

ਸੰਯੁਕਤ ਰਾਸ਼ਟਰ (ਭਾਸ਼ਾ) : ਸੰਯੁਕਤ ਰਾਸ਼ਟਰ ਮਹਾਸਭਾ ਨੇ ਸੀਰੀਆ ਵਿਚ ਸੰਘਰਸ਼ ਦੌਰਾਨ ਲਾਪਤਾ ਹੋਏ 1,30,000 ਤੋਂ ਵੱਧ ਲੋਕਾਂ ਦਾ ਪਤਾ ਲਗਾਉਣ ਲਈ ਇਕ ਸੁਤੰਤਰ ਸੰਸਥਾ ਬਣਾਉਣ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ। ਗਲੋਬਲ ਸੰਸਥਾ ਨੇ ਇਹ ਕਦਮ ਲਾਪਤਾ ਲੋਕਾਂ ਦੇ ਪਰਿਵਾਰਾਂ ਅਤੇ ਰਿਸ਼ਤੇਦਾਰਾਂ ਦੀ ਅਪੀਲ 'ਤੇ ਚੁੱਕਿਆ ਹੈ। ਸੰਯੁਕਤ ਰਾਸ਼ਟਰ ਨੇ ਵੀਰਵਾਰ ਨੂੰ ਸੁਤੰਤਰ ਸੰਸਥਾ ਦੇ ਗਠਨ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ। 193 ਮੈਂਬਰੀ ਕਮੇਟੀ ਨੇ 11 ਦੇ ਮੁਕਾਬਲੇ 83 ਵੋਟਾਂ ਨਾਲ ਇਸ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ।
62 ਮੈਂਬਰ ਵੋਟਿੰਗ ਤੋਂ ਦੂਰ ਰਹੇ। ਮਤੇ ਦਾ ਵਿਰੋਧ ਕਰਨ ਵਾਲਿਆਂ ਵਿਚ ਸੀਰੀਆ ਵੀ ਸੀ ਅਤੇ ਉਸ ਨੇ ਕਿਹਾ ਕਿ ਉਹ ਨਵੀਂ ਸੰਸਥਾ ਨਾਲ ਸਹਿਯੋਗ ਨਹੀਂ ਕਰੇਗਾ। ਰੂਸ, ਚੀਨ, ਉੱਤਰੀ ਕੋਰੀਆ, ਵੈਨੇਜ਼ੁਏਲਾ, ਕਿਊਬਾ ਅਤੇ ਈਰਾਨ ਨੇ ਵੀ ਮਤੇ 'ਤੇ ਵੋਟਿੰਗ ਤੋਂ ਦੂਰ ਰਹੇ। ਇਹ ਮਤਾ ਲਕਸਮਬਰਗ ਦੀ ਅਗਵਾਈ ਵਿਚ ਪੇਸ਼ ਕੀਤਾ ਗਿਆ, ਜਿਸ ਵਿਚ ਕਿਹਾ ਗਿਆ ਹੈ ਕਿ ਸੀਰੀਆ ਵਿੱਚ 12 ਸਾਲਾਂ ਦੇ ਸੰਘਰਸ਼ ਦੇ ਬਾਅਦ ਵੀ ਸਾਰੇ ਲਾਪਤਾ ਲੋਕਾਂ ਨੂੰ ਲੱਭਣ ਅਤੇ ਉਨ੍ਹਾਂ ਦੇ ਪਰਿਵਾਰਾਂ ਦੇ ਦੁੱਖਾਂ ਨੂੰ ਘੱਟ ਕਰਨ ਦੀ ਦਿਸ਼ਾ ਵਿਚ ਕੋਈ ਖਾਸ ਪ੍ਰਗਤੀ ਨਹੀਂ ਹੋਈ ਹੈ।