ਬੰਦੂਕਧਾਰੀ ਬਦਮਾਸ਼ਾਂ ਤੋਂ ਭਾਰਤੀ ਲੜਕੀਆਂ ਦੀ ‘ਇੱਜ਼ਤ’ ਬਚਾਉਣ ਲਈ ਯੂਕ੍ਰੇਨੀ ਔਰਤਾਂ ਨੇ ਚੁੱਕੀਆਂ ‘ਬੰਦੂਕਾਂ’
Friday, Mar 04, 2022 - 07:02 PM (IST)
 
            
            ਜਲੰਧਰ (ਪੁਨੀਤ)–ਵਿਦਿਆਰਥੀਆਂ ਨੂੰ ਯੂਕ੍ਰੇਨ ’ਚੋਂ ਕੱਢਣ ਲਈ ਭਾਰਤੀ ਜਹਾਜ਼ ਪਹੁੰਚ ਰਹੇ ਹਨ ਪਰ ਹੁਣ ਬਾਰਡਰ ਤੱਕ ਪਹੁੰਚਣਾ ਆਸਾਨ ਨਹੀਂ ਹੈ। ਕੀਵ, ਕ੍ਰੀਮੀਆ ਸਮੇਤ ਹੋਰ ਸ਼ਹਿਰਾਂ ਤੋਂ ਹੰਗਰੀ ਅਤੇ ਰੋਮਾਨੀਆ ਬਾਰਡਰ ਤੱਕ ਜਾਣ ਵਾਲੀਆਂ ਵਿਦਿਆਰਥਣਾਂ ਨੂੰ ਬੇਹੱਦ ਪ੍ਰੇਸ਼ਾਨੀ ਆ ਰਹੀ ਹੈ। ਕੀਵ ਵਿਚ ਬਾਹਰੀ ਸਥਾਨਾਂ ’ਤੇ ਘਰਾਂ ਵਿਚ ਰੁਕੀਆਂ ਹੋਈਆਂ ਅਤੇ ਬੱਸ ਰਾਹੀਂ ਜਾਣ ਵਾਲੀਆਂ ਲੜਕੀਆਂ ਨੂੰ ਬੰਦੂਕਧਾਰੀ ਬਦਮਾਸ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਨਾਲ ਉਨ੍ਹਾਂ ਦੀ ਜਾਨ ਅਤੇ ਇੱਜ਼ਤ ਖਤਰੇ ਵਿਚ ਪਈ ਹੋਈ ਹੈ। ਭਾਰਤੀ ਅਤੇ ਯੂਕ੍ਰੇਨੀ ਲੜਕੀਆਂ ਦੀ ‘ਇੱਜ਼ਤ’ ਬਚਾਉਣ ਲਈ ਯੂਕ੍ਰੇਨੀ ਔਰਤਾਂ ਨੇ ਬੰਦੂਕਾਂ ਚੁੱਕ ਲਈਆਂ ਹਨ। ਜਿਨ੍ਹਾਂ ਬੱਸਾਂ ਵਿਚ ਭਾਰਤੀ ਮੈਡੀਕਲ ਦੀਆਂ ਵਿਦਿਆਰਥਣਾਂ ਬਾਰਡਰ ਲਈ ਨਿਕਲ ਰਹੀਆਂ ਹਨ, ਉਨ੍ਹਾਂ ਨਾਲ ਯੂਕ੍ਰੇਨੀ ਔਰਤਾਂ ਵੀ ਜਾ ਰਹੀਆਂ ਹਨ। ਵੀਡੀਓ ਕਾਨਫਰੰਸਿੰਗ ਜ਼ਰੀਏ ਪੋਲਤਾਵਾ ਤੋਂ ਨਿਕਲੀਆਂ ਭਾਰਤੀ ਵਿਦਿਆਰਥਣਾਂ ਦੱਸ ਰਹੀਆਂ ਹਨ ਕਿ ਯੂਕ੍ਰੇਨ ਦੀ ਸਰਕਾਰ ਨੇ ਰੂਸੀ ਫੌਜ ਨਾਲ ਨਜਿੱਠਣ ਲਈ ਆਪਣੇ ਲੋਕਾਂ ਨੂੰ ਹਥਿਆਰ ਮੁਹੱਈਆ ਕਰਵਾ ਦਿੱਤੇ ਹਨ ਅਤੇ ਆਲਮ ਇਹ ਹੈ ਕਿ ਉਕਤ ਹਥਿਆਰ ਕਈ ਅਜਿਹੇ ਲੋਕਾਂ ਨੂੰ ਮਿਲ ਗਏ ਹਨ, ਜੋ ਇਨ੍ਹਾਂ ਦੀ ਗਲਤ ਵਰਤੋਂ ਕਰ ਰਹੇ ਹਨ। ਇਨ੍ਹਾਂ ਹਥਿਆਰਾਂ ਦੇ ਜ਼ੋਰ ’ਤੇ ਉਕਤ ਲੋਕ ਖਾਸ ਕਰ ਭਾਰਤੀ ਔਰਤਾਂ ਨੂੰ ਸ਼ਿਕਾਰ ਬਣਾ ਰਹੇ ਹਨ।
ਇਹ ਵੀ ਪੜ੍ਹੋ : Russia Ukraine War : 9 ਦਿਨ, 9 ਤਸਵੀਰਾਂ : ਹਰ ਪਾਸੇ ਗੋਲੀਬਾਰੀ, ਹੰਝੂ ਤੇ ਆਪਣਿਆਂ ਦੇ ਵਿਛੜਨ ਦਾ ਡਰ
ਵਿਦਿਆਰਥਣਾਂ ਦੱਸ ਰਹੀਆਂ ਹਨ ਕਿ ਬੀਤੇ ਦਿਨੀਂ ਕੀਵ ਤੋਂ 12-13 ਲੜਕੀਆਂ ਅਤੇ 8-9 ਲੜਕੇ ਬਾਰਡਰ ਲਈ ਰਵਾਨਾ ਹੋਏ ਸਨ। ਇਸ ਦੌਰਾਨ ਬੱਸ ’ਚੋਂ ਉਕਤ ਵਿਦਿਆਰਥਣਾਂ ਨੂੰ ਉਤਾਰ ਲਿਆ ਗਿਆ ਅਤੇ ਦੂਸਰੀ ਬੱਸ ਵਿਚ ਬਿਠਾ ਦਿੰਤਾ ਗਿਆ। ਇਨ੍ਹਾਂ ਲੜਕੀਆਂ ਦਾ ਅਜੇ ਤੱਕ ਕੁਝ ਪਤਾ ਨਹੀਂ ਲੱਗਾ। ਜੋ ਲੜਕੀਆਂ ਕੀਵ ਦੇ ਬਾਹਰੀ ਇਲਾਕਿਆਂ ਵਿਚ ਵੱਖ-ਵੱਖ ਸਥਾਨਾਂ ’ਤੇ ਰੁਕੀਆਂ ਹੋਈਆਂ ਹਨ, ਉਨ੍ਹਾਂ ਸਾਰੀਆਂ ਨੂੰ ਇਕ ਸਥਾਨ ’ਤੇ ਇਕੱਠਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਵਿਚ ਯੂਕ੍ਰੇਨੀ ਔਰਤਾਂ ਉਨ੍ਹਾਂ ਦੀ ਮਦਦ ਕਰ ਰਹੀਆਂ ਹਨ। ਪਿਛਲੇ ਦਿਨੀਂ ਰਾਤ ਸਮੇਂ ਕੁਝ ਲੋਕ ਦਰਵਾਜ਼ਾ ਤੋੜ ਕੇ ਅੰਦਰ ਆਉਣ ਦੀ ਕੋਸ਼ਿਸ਼ ਕਰ ਰਹੇ ਸਨ। ਬੁੱਧਵਾਰ ਸਵੇਰੇ ਕੁਝ ਲੋਕਾਂ ਨੇ ਅੰਦਰ ਪੱਥਰ ਆਦਿ ਵੀ ਸੁੱਟੇ। ਯੂਕ੍ਰੇਨੀ ਲੋਕ ਵੀ ਕੀਵ ਛੱਡ ਕੇ ਜਾ ਰਹੇ ਹਨ। ਉਹ ਜਿਸ ਬੱਸ ਵਿਚ ਸਵਾਰ ਹਨ, ਉਸ ਵਿਚ ਕਈ ਯੂਕ੍ਰੇਨੀ ਲੜਕੀਆਂ ਅਤੇ ਔਰਤਾਂ ਹਨ। ਉਕਤ ਔਰਤਾਂ ਨੇ ਆਪਣੀ ਸਰਕਾਰ ਤੋਂ ਬੰਦੂਕਾਂ ਲੈ ਲਈਆਂ ਹਨ, ਜਿਸ ਦੇ ਸਹਾਰੇ ਉਹ ਉਨ੍ਹਾਂ ਦੀ ਮਦਦ ਕਰ ਰਹੀਆਂ ਹਨ। 4-5 ਘੰਟਿਆਂ ਦੇ ਰਸਤੇ ਵਿਚ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਹੈ। ਅੱਗੇ ਕਈ ਕਿਲੋਮੀਟਰ ਦਾ ਬਾਹਰੀ ਇਲਾਕਾ ਹੈ, ਜਿਥੋਂ ਨਿਕਲਣ ਤੋਂ ਬਾਅਦ ਉਹ ਸੁਰੱਖਿਅਤ ਹੋ ਜਾਣਗੀਆਂ ਕਿਉਂਕਿ ਉਸ ਤੋਂ ਅੱਗੇ ਆਰਮੀ ਦੇ ਚੈੱਕ ਪੋਸਟ ਆਉਣੇ ਸ਼ੁਰੂ ਹੋ ਜਾਣਗੇ।
 

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            