ਯੂਕ੍ਰੇਨ ਨੇ 6,000 ਵਰਗ ਕਿ. ਮੀ. ਦਾ ਖੇਤਰ ਰੂਸ ਤੋਂ ਵਾਪਸ ਖੋਹਿਆ
Wednesday, Sep 14, 2022 - 03:27 PM (IST)
ਕੀਵ/ਮਾਸਕੋ(ਵਿਸ਼ੇਸ਼)– ਯੂਕ੍ਰੇਨ ਨੇ ਦੱਖਣੀ ਇਲਾਕੇ ’ਚ ਰੂਸੀ ਫੌਜ ਨੂੰ ਖਦੇੜਦੇ ਹੋਏ ਲਗਭਗ 6,000 ਵਰਗ ਕਿਲੋਮੀਟਰ ਦੇ ਖੇਤਰ ਨੂੰ ਮੁੜ ਆਪਣੇ ਕਬਜ਼ੇ ’ਚ ਲੈ ਲਿਆ ਹੈ। ਯੂਕ੍ਰੇਨੀ ਫੌਜੀਆਂ ਨੂੰ ਅਮਰੀਕਾ ਤੇ ਨਾਟੋ ਦੇਸ਼ਾਂ ਤੋਂ ਮਿਲੇ ਹਥਿਆਰ ਆਪਣਾ ਕੰਮ ਕਰ ਰਹੇ ਹਨ, ਜਿਨ੍ਹਾਂ ਅੱਗੇ ਰੂਸੀ ਫੌਜ ਕਮਜ਼ੋਰ ਪੈ ਰਹੀ ਹੈ।
ਇੰਝ ਵਧੀ ਯੂਕ੍ਰੇਨ ਦੀ ਤਾਕਤ
ਖੁਦ ਦਾ ਬਚਾਅ : ਸੋਮਵਾਰ ਨੂੰ ਰੂਸੀ ਫੌਜ ਨੇ ਯੂਕ੍ਰੇਨ ’ਤੇ 12 ਮਿਜ਼ਾਈਲਾਂ ਦਾਗੀਆਂ। ਇਨ੍ਹਾਂ ਵਿਚੋਂ 9 ਨੂੰ ਰਸਤੇ ’ਚ ਹੀ ਤਬਾਹ ਕਰ ਦਿੱਤਾ ਗਿਆ। ਇਹ ਕਮਾਲ ਅਮਰੀਕਾ ਤੋਂ ਮਿਲੇ ਏਅਰ ਡਿਫੈਂਸ ਸਿਸਟਮ ਹਮਾਰਸ ਦਾ ਸੀ। ਇਸ ਤੋਂ ਉਤਸ਼ਾਹਿਤ ਯੂਕ੍ਰੇਨੀ ਫੌਜੀਆਂ ਨੇ ਖਾਰਕੀਵ ਤੋਂ ਰੂਸੀ ਫੌਜੀਆਂ ’ਤੇ ਹਮਲੇ ਵਧਾਉਂਦੇ ਹੋਏ ਉਨ੍ਹਾਂ ਨੂੰ ਖਦੇੜ ਦਿੱਤਾ।
ਨਤੀਜਾ : ਖਾਰਕੀਵ ਹੱਥੋਂ ਨਿਕਲਣ ਦਾ ਨਤੀਜਾ ਇਹ ਸਾਹਮਣੇ ਆਇਆ ਕਿ ਯੂਕ੍ਰੇਨ ’ਚ ਲੜ ਰਹੀ ਫੌਜ ਨੂੰ ਕਮਾਂਡ ਕਰ ਰਹੇ ਰੂਸ ਦੇ ਵੈਸਟਰਨ ਆਰਮੀ ਗਰੁੱਪ ਦੇ ਜਨਰਲ ਕਮਾਂਡਿੰਗ ਰੋਮਨ ਬੇਰਦਿੰਕੋਵ ਨੂੰ ਬਰਖਾਸਤ ਕਰ ਦਿੱਤਾ ਗਿਆ। ਉਹ ਇਸ ਅਹੁਦੇ ’ਤੇ ਸਿਰਫ 3 ਹਫਤੇ ਟਿਕ ਸਕੇ।
ਰੂਸੀ ਫੌਜੀਆਂ ਨੂੰ ਸਮਰਪਣ ਦਾ ਮੌਕਾ
ਯੂਕ੍ਰੇਨ ਦੀ ਉਪ-ਰੱਖਿਆ ਮੰਤਰੀ ਹੰਨਾ ਮਾਲੇਯਰ ਨੇ ਮੰਗਲਵਾਰ ਨੂੰ ਰੂਸੀ ਫੌਜੀਆਂ ਨੂੰ ਆਤਮਸਮਰਪਣ ਕਰਨ ਦਾ ਸੱਦਾ ਦਿੰਦੇ ਹੋਏ ਕਿਹਾ ਕਿ ਰੂਸੀ ਜਨਰਲ ਤੁਹਾਡੀ ਵਰਤੋਂ ਤੋਪ ਦੇ ਚਾਰੇ ਵਾਂਗ ਕਰ ਰਹੇ ਹਨ। ਉਨ੍ਹਾਂ ਲਈ ਤੁਹਾਡੀ ਜ਼ਿੰਦਗੀ ਕੁਝ ਵੀ ਨਹੀਂ। ਤੁਹਾਨੂੰ ਜੰਗ ਲੜਨ ਦੀ ਲੋੜ ਨਹੀਂ। ਯੂਕ੍ਰੇਨੀ ਫੌਜ ਸਾਹਮਣੇ ਆਤਮਸਮਰਪਣ ਕਰ ਦਿਓ।
ਹਥਿਆਰ ਛੱਡ ਕੇ ਭੱਜ ਰਹੇ ਰੂਸੀ ਫੌਜੀ
ਖਾਰਕੀਵ ਖੇਤਰ ’ਚੋਂ ਰੂਸੀ ਫੌਜਾਂ ਹਥਿਆਰ ਛੱਡ ਕੇ ਭੱਜ ਰਹੀਆਂ ਹਨ। ਇਨ੍ਹਾਂ ਵਿਚ ਫੌਜੀ ਵਾਹਨ, ਟੈਂਕ ਤੇ ਟਰੱਕ ਵੀ ਸ਼ਾਮਲ ਹਨ।