ਯੂਕ੍ਰੇਨ ਸੰਕਟ: ਬ੍ਰਿਟੇਨ ਨੇ ਰੂਸ, ਬੇਲਾਰੂਸ ''ਤੇ ਲਾਈਆਂ ਪਾਬੰਦੀਆਂ

Wednesday, Mar 02, 2022 - 06:15 PM (IST)

ਯੂਕ੍ਰੇਨ ਸੰਕਟ: ਬ੍ਰਿਟੇਨ ਨੇ ਰੂਸ, ਬੇਲਾਰੂਸ ''ਤੇ ਲਾਈਆਂ ਪਾਬੰਦੀਆਂ

ਲੰਡਨ (ਭਾਸ਼ਾ)- ਬ੍ਰਿਟੇਨ ਨੇ ਰੂਸ ਖ਼ਿਲਾਫ਼ ਹੋਰ ਪਾਬੰਦੀਆਂ ਲਗਾ ਦਿੱਤੀਆਂ ਹਨ ਅਤੇ ਉਸ ਨੇ ਯੂਕ੍ਰੇਨ ‘ਤੇ ਰੂਸੀ ਹਮਲੇ ‘ਚ ਭੂਮਿਕਾ ਲਈ ਬੇਲਾਰੂਸ ਖ਼ਿਲਾਫ਼ ਵੀ ਪਹਿਲੀ ਦੰਡਕਾਰੀ ਕਾਰਵਾਈ ਕੀਤੀ ਹੈ। ਬ੍ਰਿਟੇਨ ਨੇ ਮਾਸਕੋ ਵਿਰੁੱਧ ਮੰਗਲਵਾਰ ਨੂੰ ਐਲਾਨੀਆਂ ਨਵੀਆਂ ਪਾਬੰਦੀਆਂ ਵਿੱਚ ਰੂਸੀ ਜਹਾਜ਼ਾਂ ਨੂੰ ਆਪਣੀਆਂ ਬੰਦਰਗਾਹਾਂ 'ਤੇ ਪਾਬੰਦੀਸ਼ੁਦਾ ਕਰ ਦਿੱਤਾ ਹੈ। ਪਾਬੰਦੀਆਂ ਵਿਚ ਰੂਸ ਨਾਲ ਜੁੜੇ ਕਿਸੇ ਵੀ ਵਿਅਕਤੀ ਦੀ ਮਾਲਕੀ ਵਾਲੇ ਜਾਂ ਸੰਚਾਲਿਤ ਸਮੁੰਦਰੀ ਜਹਾਜ਼ਾਂ ਨੂੰ ਸ਼ਾਮਲ ਕੀਤਾ ਗਿਆ ਹੈ ਅਤੇ ਯੂਕੇ ਦੇ ਅਧਿਕਾਰੀਆਂ ਨੂੰ ਰੂਸੀ ਜਹਾਜ਼ਾਂ ਨੂੰ ਜ਼ਬਤ ਕਰਨ ਲਈ ਨਵੀਆਂ ਸ਼ਕਤੀਆਂ ਦਿੱਤੀਆਂ ਗਈਆਂ ਹਨ। ਉੱਥੇ ਬੇਲਾਰੂਸ ਖ਼ਿਲਾਫ਼ ਕੀਤੀ ਗਈ ਪਹਿਲੀ ਦੰਡਕਾਰੀ ਕਾਰਵਾਈ ਵਿੱਚ ਬ੍ਰਿਟੇਨ ਨੇ ਤੁਰੰਤ ਪ੍ਰਭਾਵ ਨਾਲ ਚਾਰ ਸੀਨੀਅਰ ਰੱਖਿਆ ਅਧਿਕਾਰੀਆਂ ਅਤੇ ਦੋ ਫ਼ੌਜੀ ਉੱਦਮਾਂ 'ਤੇ ਪਾਬੰਦੀਆਂ ਲਗਾ ਦਿੱਤੀਆਂ ਹਨ। 

ਪੜ੍ਹੋ ਇਹ ਅਹਿਮ ਖ਼ਬਰ- ਯੂਕ੍ਰੇਨ 'ਚ ਨਾਗਰਿਕਾਂ ਨੂੰ ਹੋ ਰਹੇ ਨੁਕਸਾਨ ਨੂੰ ਲੈ ਕੇ ਚੀਨ ਨੇ ਜਤਾਈ ਚਿੰਤਾ

ਯੂਕੇ ਦੀ ਵਿਦੇਸ਼ ਸਕੱਤਰ ਲਿਜ਼ ਟਰਸ ਨੇ ਕਿਹਾ ਕਿ ਅਸੀਂ ਵਲਾਦੀਮੀਰ ਪੁਤਿਨ ਅਤੇ ਉਨ੍ਹਾਂ ਦੇ ਨਜ਼ਦੀਕੀ ਲੋਕਾਂ ਨੂੰ ਆਰਥਿਕ ਪੀੜਾ ਦੇ ਰਹੇ ਹਾਂ। ਅਸੀਂ ਉਦੋਂ ਤੱਕ ਆਰਾਮ ਨਹੀਂ ਕਰਾਂਗੇ ਜਦੋਂ ਤੱਕ ਯੂਕ੍ਰੇਨ ਦੀ ਪ੍ਰਭੂਸੱਤਾ ਅਤੇ ਖੇਤਰੀ ਅਖੰਡਤਾ ਬਹਾਲ ਨਹੀਂ ਹੋ ਜਾਂਦੀ। ਉਹਨਾਂ ਨੇ ਕਿਹਾ ਕਿ ਬੇਲਾਰੂਸ ਦੇ ਸ਼ਾਸਕ ਅਲੈਗਜ਼ੈਂਡਰ ਲੂਕਾਸ਼ੈਂਕੋ ਨੇ ਯੂਕ੍ਰੇਨ 'ਤੇ ਹਮਲੇ ਵਿਚ ਮਦਦ ਕੀਤੀ ਹੈ ਅਤੇ ਉਸ ਨੂੰ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦਾ ਸਮਰਥਨ ਕਰਨ ਲਈ ਆਰਥਿਕ ਨਤੀਜੇ ਭੁਗਤਣੇ ਪੈਣਗੇ। ਪਾਬੰਦੀਆਂ ਵਿੱਚ ਸ਼ਾਮਲ ਲੋਕਾਂ ਵਿੱਚ ਬੇਲਾਰੂਸ ਦੇ ਚੀਫ਼ ਆਫ਼ ਜਨਰਲ ਸਟਾਫ ਅਤੇ ਪਹਿਲੇ ਉਪ ਰੱਖਿਆ ਮੰਤਰੀ ਮੇਜਰ ਜਨਰਲ ਵਿਕਟਰ ਗੁਲੇਵਿਚ ਵੀ ਸ਼ਾਮਲ ਹਨ। ਬ੍ਰਿਟੇਨ ਦੇ ਵਿਦੇਸ਼, ਰਾਸ਼ਟਰਮੰਡਲ ਅਤੇ ਵਿਕਾਸ ਦਫਤਰ (ਐਫਸੀਡੀਓ) ਨੇ ਕਿਹਾ ਕਿ ਗੁਲੇਵਿਚ ਬੇਲਾਰੂਸੀ ਹਥਿਆਰਬੰਦ ਬਲਾਂ ਨੂੰ ਨਿਰਦੇਸ਼ਿਤ ਕਰਨ ਲਈ ਜ਼ਿੰਮੇਵਾਰ ਹਨ, ਜਿਹਨਾਂ ਨੇ ਯੂਕ੍ਰੇਨ 'ਤੇ ਰੂਸ ਦੇ ਹਮਲੇ ਵਿੱਚ ਸਹਾਇਤਾ ਕੀਤੀ ਹੈ। 

ਪੜ੍ਹੋ ਇਹ ਅਹਿਮ ਖ਼ਬਰ- ਰਿਪੋਰਟ 'ਚ ਖੁਲਾਸਾ, ਯਾਨੁਕੋਵਿਚ ਨੂੰ ਯੂਕ੍ਰੇਨ ਦੇ ਨਵੇਂ ਰਾਸ਼ਟਰਪਤੀ ਵਜੋਂ ਦੇਖਣਾ ਚਾਹੁੰਦੇ ਹਨ ਪੁਤਿਨ

ਬ੍ਰਿਟੇਨ ਨੇ ਫ਼ੌਜੀ ਉਦੇਸ਼ਾਂ ਲਈ ਬੇਲਾਰੂਸੀ ਉੱਦਮਾਂ - JSC 558 ਏਅਰਕ੍ਰਾਫਟ ਰਿਪੇਅਰ ਪਲਾਂਟ ਅਤੇ ਸੈਮੀਕੰਡਕਟਰ ਨਿਰਮਾਤਾ JSC Integral 'ਤੇ ਵੀ ਪਾਬੰਦੀਆਂ ਲਗਾਈਆਂ ਹਨ। JSC 558 ਬਾਰਨੋਵਿਚੀ ਏਅਰ ਸਟੇਸ਼ਨ 'ਤੇ ਫੌਜੀ ਜਹਾਜ਼ਾਂ ਦਾ ਰੱਖ-ਰਖਾਅ ਕਰਦਾ ਹੈ ਜਿੱਥੋਂ ਰੂਸੀ ਜਹਾਜ਼ ਹਮਲੇ ਲਈ ਰਵਾਨਾ ਹੋਇਆ। ਪਾਬੰਦੀਆਂ ਦੇ ਸ਼ਾਮਲ ਵਿਅਕਤੀ ਯੂਕੇ ਦੀ ਯਾਤਰਾ ਕਰਨ ਵਿੱਚ ਅਸਮਰੱਥ ਹੋਣਗੇ ਅਤੇ ਯੂਕੇ ਵਿੱਚ ਉਹਨਾਂ ਦੀ ਕਿਸੇ ਵੀ ਜਾਇਦਾਦ ਨੂੰ ਜ਼ਬਤ ਕਰ ਲਿਆ ਜਾਵੇਗਾ। ਇਸ ਦੌਰਾਨ, ਰੂਸ ਦੇ ਕੇਂਦਰੀ ਬੈਂਕ ਅਤੇ ਰਾਜ ਦੇ ਪ੍ਰਭੂਸੱਤਾ ਸੰਪੱਤੀ ਫੰਡ ਦੇ ਵਿਰੁੱਧ ਵਾਧੂ ਆਰਥਿਕ ਪਾਬੰਦੀਆਂ ਦਾ ਮਤਲਬ ਹੈ ਕਿ ਰੂਸ ਦੀ ਵਿੱਤੀ ਪ੍ਰਣਾਲੀ ਦਾ ਜ਼ਿਆਦਾਤਰ ਹਿੱਸਾ ਹੁਣ ਯੂਕੇ ਦੀਆਂ ਪਾਬੰਦੀਆਂ ਦੇ ਅਧੀਨ ਹੈ। ਟਰਸ ਨੇ ਕਿਹਾ ਕਿ ਯੂਕੇ ਦੀਆਂ ਬੰਦਰਗਾਹਾਂ 'ਤੇ ਰੂਸੀ ਜਹਾਜ਼ਾਂ 'ਤੇ ਪਾਬੰਦੀਆਂ ਅਤੇ ਸਾਡੇ ਸਹਿਯੋਗੀ ਦੇਸ਼ਾਂ ਦੇ ਨਾਲ ਨਜ਼ਦੀਕੀ ਤਾਲਮੇਲ ਵਿੱਚ ਇਸ ਦੇ ਕੇਂਦਰੀ ਬੈਂਕ ਸਮੇਤ ਪ੍ਰਮੁੱਖ ਰੂਸੀ ਵਿੱਤੀ ਸੰਸਥਾਵਾਂ ਖ਼ਿਲਾਫ਼ ਨਵੀਆਂ ਆਰਥਿਕ ਪਾਬੰਦੀਆਂ, ਰੂਸ ਦੀ ਆਰਥਿਕਤਾ ਨੂੰ ਕਮਜ਼ੋਰ ਕਰਨਗੀਆਂ ਅਤੇ ਪੁਤਿਨ ਨੂੰ ਹਰਾਉਣ ਵਿੱਚ ਮਦਦ ਮਿਲੇਗੀ। ਰੂਸ ਦਾ ਸਿੱਧਾ ਨਿਵੇਸ਼ ਫੰਡ (RDIF) ਦੇਸ਼ ਦਾ ਸੰਪੱਤੀ ਫੰਡ ਹੈ। ਇਸ 'ਤੇ ਅਤੇ ਇਸ ਦੇ ਮੁੱਖ ਕਾਰਜਕਾਰੀ ਕਿਰਿਲ ਦਿਮਿਤਰੀਵ 'ਤੇ ਵੀ ਪਾਬੰਦੀਆਂ ਲਗਾਈਆਂ ਗਈਆਂ ਹਨ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News