ਯੂਕ੍ਰੇਨ ਦੇ ਮੰਤਰੀ ਨੇ ਰੂਸ ''ਤੇ ਦਵਾਈਆਂ ਦੀ ਸਪਲਾਈ ''ਚ ਵਿਘਨ ਪਾਉਣ ਦਾ ਲਗਾਇਆ ਦੋਸ਼
Saturday, Aug 13, 2022 - 06:29 PM (IST)
ਕੀਵ (ਏਜੰਸੀ) - ਯੂਕ੍ਰੇਨ ਦੇ ਸਿਹਤ ਮੰਤਰੀ ਨੇ ਰੂਸ 'ਤੇ ਉਸ ਦੇ ਕਬਜ਼ੇ ਵਾਲੇ ਖੇਤਰਾਂ ਵਿਚ ਸਸਤੀਆਂ ਦਵਾਈਆਂ ਦੀ ਸਪਲਾਈ ਵਿੱਚ ਵਿਘਨ ਪਾਉਣਾ ਦਾ ਦੋਸ਼ ਲਗਾਇਆ ਹੈ। ਉਨ੍ਹਾਂ ਨੇ ਇਸ ਨੂੰ ਮਨੁੱਖਤਾ ਵਿਰੁੱਧ ਅਪਰਾਧ ਦੱਸਿਆ ਹੈ। ਐਸੋਸੀਏਟਿਡ ਪ੍ਰੈਸ ਨਾਲ ਇੱਕ ਇੰਟਰਵਿਊ ਵਿੱਚ, ਯੂਕ੍ਰੇਨ ਦੇ ਸਿਹਤ ਮੰਤਰੀ ਵਿਕਟਰ ਲਿਯਾਸ਼ਕੋ ਨੇ ਕਿਹਾ ਕਿ ਰੂਸੀ ਅਧਿਕਾਰੀਆਂ ਨੇ ਕਬਜ਼ੇ ਵਾਲੇ ਸ਼ਹਿਰਾਂ, ਕਸਬਿਆਂ ਅਤੇ ਪਿੰਡਾਂ ਵਿੱਚ ਲੋਕਾਂ ਨੂੰ ਸਰਕਾਰੀ ਸਬਸਿਡੀ ਵਾਲੀਆਂ ਦਵਾਈਆਂ ਉਪਲੱਬਧ ਕਰਾਉਣ ਦੀਆਂ ਕੋਸ਼ਿਸ਼ਾਂ ਨੂੰ ਰੋਕਿਆ ਹੈ।
ਲਿਯਾਸ਼ਕੋ ਨੇ ਕਿਹਾ, ਯੁੱਧ ਦੇ ਪੂਰੇ 6 ਮਹੀਨਿਆਂ ਦੌਰਾਨ ਰੂਸ ਨੇ ਮਨੁੱਖਤਾਵਾਦੀ ਗਲਿਆਰਿਆਂ ਨੂੰ ਇਜਾਜ਼ਤ ਨਹੀਂ ਦਿੱਤੀ ਹੈ, ਜਿਸ ਨਾਲ ਸਾਨੂੰ ਲੋੜਵੰਦ ਮਰੀਜ਼ਾਂ ਨੂੰ ਦਵਾਈਆਂ ਦੇਣ ਵਿੱਚ ਰੁਕਾਵਟ ਆ ਰਹੀ ਹੈ। ਅਸੀਂ ਮੰਨਦੇ ਹਾਂ ਕਿ ਇਹ ਕਦਮ ਰੂਸ ਵੱਲੋਂ ਜਾਣਬੁੱਝ ਕੇ ਚੁੱਕਿਆ ਜਾ ਰਿਹਾ ਹੈ ਅਤੇ ਅਸੀਂ ਇਸਨੂੰ ਮਨੁੱਖਤਾ ਵਿਰੁੱਧ ਅਪਰਾਧ ਅਤੇ ਇੱਕ ਯੁੱਧ ਅਪਰਾਧ ਮੰਨਦੇ ਹਾਂ।” ਯੂਕ੍ਰੇਨ ਦੀ ਸਰਕਾਰ ਇੱਕ ਵਿਸ਼ੇਸ਼ ਪ੍ਰੋਗਰਾਮ ਦੇ ਤਹਿਤ ਕੈਂਸਰ ਅਤੇ ਹੋਰ ਗੁੰਝਲਦਾਰ ਬਿਮਾਰੀਆਂ ਤੋਂ ਪੀੜਤ ਲੋਕਾਂ ਨੂੰ ਦਵਾਈਆਂ ਪ੍ਰਦਾਨ ਕਰਦੀ ਹੈ।