ਯੂ. ਕੇ. : ਵੈਸਟ ਯੌਰਕਸ਼ਾਇਰ ''ਚ ਸੋਮਵਾਰ ਤੋਂ ਲੱਗੇਗੀ ਟੀਅਰ 3 ਤਾਲਾਬੰਦੀ

Friday, Oct 30, 2020 - 09:43 AM (IST)

ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ)- ਯੂ. ਕੇ. ਦੇ ਕਈ ਖੇਤਰਾਂ ਵਿਚ ਕੋਰੋਨਾ ਮਾਮਲਿਆਂ ਵਿਚ ਫਿਰ ਤੋਂ ਵਾਧਾ ਹੋ ਰਿਹਾ ਹੈ, ਜਿਨ੍ਹਾਂ ਵਿਚ ਵੈਸਟ ਯੌਰਕਸ਼ਾਇਰ ਵੀ ਜ਼ਿਆਦਾ ਪ੍ਰਭਾਵਿਤ ਹੋ ਰਿਹਾ ਹੈ। ਵਾਇਰਸ ਦੇ ਮੱਦੇਨਜ਼ਰ  ਸੋਮਵਾਰ ਤੋਂ ਇੱਥੇ ਪਾਬੰਦੀਆਂ ਦਾ ਸਖਤ ਪੱਧਰ ਲਾਗੂ ਕਰ ਦਿੱਤਾ ਜਾਵੇਗਾ। ਇਸ ਖੇਤਰ ਵਿੱਚ ਲੀਡਜ਼, ਬ੍ਰੈਡਫੋਰਡ ਅਤੇ ਹਡਰਸਫੀਲਡ ਆਦਿ ਸ਼ਾਮਲ ਹਨ। ਸਥਾਨਕ ਨੇਤਾਵਾਂ ਦੀ ਸਹਿਮਤੀ ਤੋਂ ਬਾਅਦ ਇਹ ਖੇਤਰ ਟੀਅਰ ਤਿੰਨ ਤਾਲਾਬੰਦੀ ਵਿਚ ਦਾਖਲ ਹੋਵੇਗਾ। ਲੀਡਜ਼ ਸਿਟੀ ਕੌਂਸਲ ਦੇ ਚੀਫ ਐਗਜ਼ੀਕਿਊਟਿਵ ਟੌਮ ਰਿਓਰਡਨ ਨੇ ਕਿਹਾ ਕਿ ਖੇਤਰ ਲਈ 46.6 ਮਿਲੀਅਨ ਪੌਂਡ ਦੇ ਸਹਾਇਤਾ ਪੈਕੇਜ ਦੀ ਗੱਲ ਕੀਤੀ ਗਈ ਹੈ ਜਦਕਿ ਟੈਸਟਿੰਗ ਅਤੇ ਟਰੇਸਿੰਗ ਲਈ ਵੀ 12.7 ਮਿਲੀਅਨ ਪੌਂਡ ਦੀ ਵਾਧੂ ਰਾਸ਼ੀ ਵੀ ਹੋਵੇਗੀ। 

ਨਵੇਂ ਪੱਧਰ ਵਿਚ ਪੱਬਾਂ, ਬਾਰਾਂ ਅਤੇ ਰੈਸਟੋਰੈਂਟਾਂ ਨੂੰ ਪੂਰੀ ਤਰ੍ਹਾਂ ਬੰਦ ਕਰਨਾ ਜ਼ਰੂਰੀ ਹੈ ਅਤੇ ਇਸ ਦੇ ਨਾਲ ਹੀ ਕੈਸੀਨੋ ਅਤੇ ਸੱਟੇਬਾਜ਼ੀ ਦੀਆਂ ਦੁਕਾਨਾਂ, ਸਾਫਟ ਪਲੇ ਸੈਂਟਰ, ਬਾਲਗ ਗੇਮਿੰਗ ਸੈਂਟਰ ਆਦਿ ਨੂੰ ਵੀ ਬੰਦ ਕਰਨਾ ਪਵੇਗਾ। ਪੱਛਮੀ ਯੌਰਕਸ਼ਾਇਰ ਵਿੱਚ ਹਾਲ ਹੀ ਵਿਚ ਹਸਪਤਾਲਾਂ ਵਿਚ ਦਾਖਲ ਹੋਏ ਮਰੀਜ਼ਾਂ ਦੀ ਗਿਣਤੀ ਵਧੀ ਹੈ ਜਿਸ ਨਾਲ ਹਸਪਤਾਲਾਂ ਵਿਚ ਬਿਸਤਰਿਆਂ ਦੀ ਘਾਟ ਦਾ ਸੰਕਟ ਵੀ ਪੈਦਾ ਹੋ ਗਿਆ ਹੈ।
ਸਿਹਤ ਵਿਭਾਗ ਦੀ ਡਾਇਰੈਕਟਰ, ਵਿਕਟੋਰੀਆ ਈਟਨ ਅਨੁਸਾਰ ਲੀਡਜ਼ ਦੀ ਵਾਇਰਸ ਕੇਸ ਦਰ ਪ੍ਰਤੀ 100,000 ਲੋਕਾਂ ਪਿੱਛੇ  416.7 ਹੈ। ਜ਼ਿਕਰਯੋਗ ਹੈ ਕਿ ਕੋਰੋਨਾ ਵਾਇਰਸ ਦੇ ਮਾਮਲਿਆਂ ਦੀ ਗਿਣਤੀ ਵਿਚ ਲਗਾਤਾਰ ਵਾਧਾ ਜਾਰੀ ਹੋਣ ਕਰਕੇ ਇੰਗਲੈਂਡ ਵਿਚ ਰਾਸ਼ਟਰੀ ਤਾਲਾਬੰਦੀ ਲਗਾਉਣ ਦਾ ਦਬਾਅ ਵੀ ਵਧਦਾ ਜਾ ਰਿਹਾ ਹੈ ।


Lalita Mam

Content Editor

Related News