ਬ੍ਰਿਟੇਨ ਨੇ ਪੁਤਿਨ ਦੀ ਚਿਤਾਵਨੀ ਨੂੰ ਕੀਤਾ ਨਜ਼ਰਅੰਦਾਜ਼, ਯੂਕ੍ਰੇਨ ਨੂੰ ਕਰੇਗਾ ਤੋਪਾਂ ਦੀ ਸਪਲਾਈ
Monday, Jun 06, 2022 - 12:59 PM (IST)
ਲੰਡਨ (ਏਜੰਸੀ)- ਬ੍ਰਿਟੇਨ ਨੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੀ ਚਿਤਾਵਨੀ ਨੂੰ ਨਜ਼ਰਅੰਦਾਜ਼ ਕਰਦੇ ਹੋਏ ਕਿਹਾ ਕਿ ਉਹ ਯੂਕ੍ਰੇਨ ਨੂੰ ਲੰਬੀ ਦੂਰੀ ਤੱਕ ਮਾਰ ਕਰਨ ਵਾਲੀਆਂ ਤੋਪਾਂ ਦੀ ਸਪਲਾਈ ਕਰੇਗਾ। ਦਿ ਗਾਰਡੀਅਨ ਦੇ ਅਨੁਸਾਰ, ਬ੍ਰਿਟੇਨ ਯੂਕ੍ਰੇਨ ਨੂੰ 50 ਮੀਲ ਤੱਕ ਮਾਰ ਕਰਨ ਵਾਲੇ M270 ਮਲਟੀਪਲ ਰਾਕੇਟ ਲਾਂਚ ਸਿਸਟਮ ਭੇਜੇਗਾ। ਬ੍ਰਿਟੇਨ ਦਾ ਮੰਨਣਾ ਹੈ ਕਿ ਇਸ ਦੇ ਜ਼ਰੀਏ ਯੂਕ੍ਰੇਨ ਉਸ ਦੇ ਸ਼ਹਿਰਾਂ 'ਤੇ ਰੂਸੀ ਬੰਬਾਰੀ ਰੋਕ ਸਕਦਾ ਹੈ।
ਇਹ ਵੀ ਪੜ੍ਹੋ: ਮਰਹੂਮ ਗਾਇਕ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਦੇਣ ਲਈ ਬਰੈਂਪਟਨ 'ਚ ਇਕੱਠੇ ਹੋਏ ਪੰਜਾਬੀ
ਰਾਕੇਟ ਲਾਂਚਰ ਭੇਜਣ ਦੇ ਆਪਣੇ ਫ਼ੈਸਲੇ ਨੂੰ ਸਹੀ ਠਹਿਰਾਉਂਦੇ ਹੋਏ ਬ੍ਰਿਟੇਨ ਦੇ ਰੱਖਿਆ ਸਕੱਤਰ ਬੇਨ ਵੈਲੇਸ ਨੇ ਕਿਹਾ ਕਿ ਜਿਸ ਤਰ੍ਹਾਂ ਰੂਸ ਨੇ ਆਪਣੀ ਰਣਨੀਤੀ ਬਦਲੀ ਹੈ, ਉਸੇ ਤਰ੍ਹਾਂ ਹੀ ਸਾਨੂੰ ਯੂਕ੍ਰੇਨ ਦਾ ਸਮਰਥਨ ਕਰਨਾ ਚਾਹੀਦਾ ਹੈ। ਜ਼ਿਕਰਯੋਗ ਹੈ ਕਿ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਐਤਵਾਰ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਪੱਛਮੀ ਦੇਸ਼ਾਂ ਨੇ ਯੂਕ੍ਰੇਨ ਨੂੰ ਉੱਨਤ ਰਾਕੇਟ ਪ੍ਰਣਾਲੀ ਪ੍ਰਦਾਨ ਕੀਤੀ ਤਾਂ ਉਹ ਨਵੇਂ ਟੀਚਿਆਂ 'ਤੇ ਹਮਲਾ ਕਰਨਗੇ। ਸਰਕਾਰੀ ਟੈਲੀਵਿਜ਼ਨ ਨੂੰ ਦਿੱਤੇ ਇੰਟਰਵਿਊ ਵਿੱਚ ਪੁਤਿਨ ਨੇ ਕਿਹਾ ਕਿ ਅਸੀਂ ਇਸ ਤੋਂ ਢੁਕਵੇਂ ਸਿੱਟੇ ਕੱਢਾਂਗੇ ਅਤੇ ਆਪਣੇ ਹਥਿਆਰਾਂ ਦੀ ਵਰਤੋਂ ਕਰਾਂਗੇ।
ਉਨ੍ਹਾਂ ਕਿਹਾ ਕਿ ਸਾਡੇ ਕੋਲ ਵਾਧੂ ਹਥਿਆਰ ਹਨ, ਉਨ੍ਹਾਂ ਟਿਕਾਣਿਆਂ 'ਤੇ ਹਮਲਾ ਕਰਨ ਲਈ, ਜਿਨ੍ਹਾਂ 'ਤੇ ਅਸੀਂ ਅਜੇ ਤੱਕ ਹਮਲਾ ਨਹੀਂ ਕੀਤਾ ਹੈ। ਇਸ ਦੌਰਾਨ ਯੂਕ੍ਰੇਨ ਨੇ ਕਿਹਾ ਹੈ ਕਿ ਦੇਸ਼ ਦੇ ਪੂਰਬੀ ਹਿੱਸੇ 'ਚ ਰੂਸ ਨੂੰ ਅੱਗੇ ਵਧਣ ਤੋਂ ਰੋਕਣ ਲਈ ਸਹਿਯੋਗੀ ਪੱਛਮੀ ਦੇਸ਼ਾਂ ਤੋਂ ਨਵੇਂ ਰਾਕੇਟ ਸਿਸਟਮ ਮਿਲਣਾ ਜ਼ਰੂਰੀ ਹਨ। ਪਿਛਲੇ ਹਫ਼ਤੇ ਦਿ ਵਾਸ਼ਿੰਗਟਨ ਪੋਸਟ ਨੇ ਅਮਰੀਕੀ ਅਧਿਕਾਰੀਆਂ ਦੇ ਹਵਾਲੇ ਨਾਲ ਦੱਸਿਆ ਕਿ ਯੂਕ੍ਰੇਨ ਦੇ ਅਧਿਕਾਰੀਆਂ ਦੀ ਬੇਨਤੀ 'ਤੇ ਰਾਸ਼ਟਰਪਤੀ ਜੋਅ ਬਾਈਡੇਨ ਦਾ ਪ੍ਰਸ਼ਾਸਨ ਯੂਕ੍ਰੇਨ ਨੂੰ ਉੱਨਤ ਮੱਧ-ਰੇਂਜ ਦੇ ਮਲਟੀਪਲ ਲਾਂਚ ਰਾਕੇਟ ਸਿਸਟਮ ਭੇਜਣ ਦੀ ਤਿਆਰੀ ਕਰ ਰਿਹਾ ਹੈ।
ਇਹ ਵੀ ਪੜ੍ਹੋ: ਕੈਨੇਡੀਅਨ ਗਾਇਕ ਜੈਕਬ ਹੌਗਾਰਡ ਜਿਨਸੀ ਸ਼ੋਸ਼ਣ ਦੇ ਮਾਮਲੇ 'ਚ ਦੋਸ਼ੀ ਕਰਾਰ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੂੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।