ਬ੍ਰਿਟੇਨ 'ਚ ਹੋਵੇਗਾ ਖਤਰਨਾਕ ਪ੍ਰੀਖਣ, ਜਾਣ ਬੁਝ ਕੇ ਇਨਸਾਨਾਂ ਨੂੰ ਕੀਤਾ ਜਾਵੇਗਾ ਕੋਰੋਨਾ ਪਾਜ਼ੇਟਿਵ

09/26/2020 2:55:44 AM

ਲੰਡਨ - ਬ੍ਰਿਟੇਨ ਦੁਨੀਆ ਦਾ ਅਜਿਹਾ ਪਹਿਲਾ ਦੇਸ਼ ਬਣ ਸਕਦਾ ਹੈ ਜਿਥੇ ਕੋਵਿਡ ਚੈਲੇਂਜ਼ ਟ੍ਰਾਇਲ ਦੇ ਤਹਿਤ ਜਾਣ ਬੁਝ ਕੇ ਇਨਸਾਨਾਂ ਦੇ ਸਰੀਰ ਵਿਚ ਕੋਰੋਨਾਵਾਇਰਸ ਪਾਇਆ ਜਾਵੇਗਾ। ਵਾਲੰਟੀਅਰਸ 'ਤੇ ਕੀਤੇ ਜਾਣ ਵਾਲੇ ਇਸ ਟ੍ਰਾਇਲ ਦਾ ਮਕਸਦ ਸੰਭਾਵਿਤ ਕੋਰੋਨਾਵਾਇਰਸ ਵੈਕਸੀਨ ਦੇ ਪ੍ਰਭਾਵ ਦੀ ਜਾਂਚ ਕਰਨਾ ਹੈ। ਅਜਿਹਾ ਕਿਹਾ ਜਾ ਰਿਹਾ ਹੈ ਕਿ ਇਹ ਪ੍ਰੀਖਣ ਲੰਡਨ ਵਿਚ ਕੀਤਾ ਜਾਵੇਗਾ। ਬ੍ਰਿਟੇਨ ਦੀ ਸਰਕਾਰ ਨੇ ਕਿਹਾ ਕਿ ਹਿਊਮਨ ਚੈਲੇਜ਼ ਸਟੱਡੀ ਦੇ ਜ਼ਰੀਏ ਵੈਕਸੀਨ ਬਣਾਉਣ ਨੂੰ ਲੈ ਕੇ ਵਿਚਾਰ-ਵਟਾਂਦਰਾ ਕਰ ਰਹੀ ਹੈ।

ਬੀ. ਬੀ. ਸੀ. ਦੀ ਰਿਪੋਰਟ ਮੁਤਾਬਕ ਅਜੇ ਇਸ ਤਰ੍ਹਾਂ ਦੇ ਕਿਸੇ ਸਮਝੌਤੇ 'ਤੇ ਹਸਤਾਖਰ ਨਹੀਂ ਹੋਏ ਹਨ। ਸਰਕਾਰ ਦੇ ਇਕ ਬੁਲਾਰੇ ਨੇ ਆਖਿਆ ਕਿ ਅਸੀਂ ਆਪਣੇ ਸਹਿਯੋਗੀਆਂ ਦੇ ਨਾਲ ਕੰਮ ਕਰ ਰਹੇ ਹਾਂ ਤਾਂ ਕਿ ਇਹ ਸਮਝਿਆ ਜਾ ਸਕੇ ਕਿ ਅਸੀਂ ਹਿਊਮਨ ਚੈਲੇਂਜ਼ ਸਟੱਡੀ ਦੇ ਜ਼ਰੀਏ ਸੰਭਾਵਿਤ ਕੋਰੋਨਾਵਾਇਰਸ ਵੈਕਸੀਨ ਨੂੰ ਲੈ ਕੇ ਕਿਵੇਂ ਸਹਿਯੋਗ ਕਰ ਸਕਦੇ ਹਾਂ। ਉਨ੍ਹਾਂ ਆਖਿਆ ਕਿ ਇਹ ਚਰਚਾ ਸਾਡੀ ਕੋਰੋਨਾਵਾਇਰਸ ਨੂੰ ਰੋਕਣ, ਉਸ ਦੇ ਇਲਾਜ ਲਈ ਕੀਤੇ ਜਾ ਯਤਨਾਂ ਦਾ ਹਿੱਸਾ ਹੈ ਤਾਂ ਜੋ ਅਸੀਂ ਮਹਾਮਾਰੀ ਦਾ ਜਲਦ ਤੋਂ ਜਲਦ ਖਾਤਮਾ ਕਰ ਸਕੀਏ।

ਦੱਸ ਦਈਏ ਕਿ ਪੂਰੀ ਦੁਨੀਆ ਵਿਚ ਕੋਰੋਨਾਵਾਇਰਸ ਦੇ ਖਾਤਮੇ ਲਈ ਵੈਕਸੀਨ ਦੇ ਵਿਕਾਸ ਦਾ ਕੰਮ ਬਹੁਤ ਤੇਜ਼ੀ ਨਾਲ ਚੱਲ ਰਿਹਾ ਹੈ। ਵਿਸ਼ਵ ਭਰ ਵਿਚ 36 ਕੋਰੋਨਾਵਾਇਰਸ ਵੈਕਸੀਨ ਦਾ ਕਲੀਨਿਕਲ ਟ੍ਰਾਇਲ ਚੱਲ ਰਿਹਾ ਹੈ। ਇਸ ਵਿਚ ਆਕਸਫੋਰਡ ਯੂਨੀਵਰਸਿਟੀ, ਅਮਰੀਕਾ ਅਤੇ ਚੀਨ ਦੀ ਵੈਕਸੀਨ ਆਪਣੇ ਆਖਰੀ ਪੜਾਅ ਵਿਚ ਹੈ। ਰੂਸ ਨੇ ਤਾਂ ਦੁਨੀਆ ਦੀ ਪਹਿਲੀ ਕੋਰੋਨਾ ਵੈਕਸੀਨ ਬਣਾਉਣ ਦਾ ਦਾਅਵਾ ਕੀਤਾ ਹੈ। ਹਾਲਾਂਕਿ ਦੁਨੀਆ ਦੇ ਕਈ ਦੇਸ਼ਾਂ ਨੇ ਰੂਸੀ ਦਾਅਵੇ 'ਤੇ ਸਵਾਲ ਚੁੱਕੇ ਹਨ।

ਹੈਰਾਨੀ ਵਾਲੀ ਇਹ ਹੈ ਕਿ ਬ੍ਰਿਟਿਸ਼ ਸਰਕਾਰ ਦੇ ਇਸ ਕੋਰੋਨਾ ਚੈਲੇਂਜ਼ ਟ੍ਰਾਇਲ ਵਿਚ ਹਿੱਸਾ ਲੈਣ ਲਈ ਵੱਡੀ ਗਿਣਤੀ ਵਿਚ ਦੇਸ਼ ਦੇ ਨੌਜਵਾਨ ਅਤੇ ਮੈਡੀਕਲ ਵਾਲੰਟੀਅਰਸ ਤਿਆਰ ਹਨ। ਇਸ ਟ੍ਰਾਇਲ ਨਾਲ ਤੁਰੰਤ ਇਹ ਪਤਾ ਲੱਗ ਸਕੇਗਾ ਕਿ ਕੀ ਕੋਰੋਨਾ ਵੈਕਸੀਨ ਕੰਮ ਕਰਦੀ ਹੈ ਜਾਂ ਨਹੀਂ। ਇਸ ਨਾਲ ਕੋਰੋਨਾ ਲਈ ਸਭ ਤੋਂ ਕਾਰਗਰ ਵੈਕਸੀਨ ਦੀ ਜਲਦ ਤੋਂ ਜਲਦ ਚੋਣ ਕੀਤੀ ਜਾ ਸਕੇਗੀ। ਟ੍ਰਾਇਲ ਵਿਚ ਹਿੱਸਾ ਲੈਣ ਵਾਲੇ ਲੋਕਾਂ ਦੀ ਲੰਡਨ ਵਿਚ 24 ਘੰਟੇ ਨਿਗਰਾਨੀ ਕੀਤੀ ਜਾਵੇਗੀ। ਮੰਨਿਆ ਜਾ ਰਿਹਾ ਹੈ ਕਿ ਇਹ ਪ੍ਰੀਖਣ ਜਨਵਰੀ ਵਿਚ ਸ਼ੁਰੂ ਹੋ ਸਕਦਾ ਹੈ।


Khushdeep Jassi

Content Editor

Related News