ਬ੍ਰਿਟੇਨ ਨੇ ਕੋਵਿਡ-19 ਦੇ ਟੀਕਿਆਂ ਦੀਆਂ 9 ਕਰੋੜ ਖੁਰਾਕਾਂ ਖਰੀਦਣ ਲਈ ਕੀਤਾ ਸਮਝੌਤਾ
Monday, Jul 20, 2020 - 07:31 PM (IST)
ਲੰਡਨ- ਬ੍ਰਿਟੇਨ ਨੇ ਕਿਹਾ ਹੈ ਕਿ ਫਾਈਜਰ ਤੇ ਹੋਰ ਦਵਾਈ ਕੰਪਨੀਆਂ ਵਲੋਂ ਕੋਰੋਨਾ ਵਾਇਰਸ ਦੇ ਇਲਾਜ ਲਈ ਪ੍ਰੀਖਣ ਦੇ ਦੌਰ ਤੋਂ ਲੰਘ ਰਹੇ ਟੀਕਿਆਂ ਦੀਆਂ 9 ਕਰੋੜ ਖੁਰਾਕਾਂ ਖਰੀਦਣ ਦੇ ਸਬੰਧ ਵਿਚ ਉਸ ਨੇ ਇਕ ਸਮਝੌਤਾ 'ਤੇ ਦਸਤਖਤ ਕੀਤੇ ਹਨ।
ਬ੍ਰਿਟੇਨ ਸਰਕਾਰ ਨੇ ਇਕ ਬਿਆਨ ਵਿਚ ਸੋਮਵਾਰ ਨੂੰ ਕਿਹਾ ਕਿ ਵਲਨੇਵਾ ਤੋਂ ਇਲਾਵਾ ਫਾਈਜਰ ਤੇ ਬਾਇਓਏਨਟੈੱਕ ਵਲੋਂ ਵਿਕਸਿਤ ਕੀਤੇ ਜਾ ਰਹੇ ਟੀਕਿਆਂ ਤੱਕ ਪਹੁੰਚ ਹਾਸਲ ਕਰਨ ਦੇ ਲਈ ਉਸ ਨੇ ਕਰਾਰ ਕੀਤਾ ਹੈ। ਇਨ੍ਹਾਂ ਟੀਕਿਆਂ ਨੂੰ ਲੈ ਕੇ ਫਿਲਹਾਲ ਪ੍ਰੀਖਣ ਚੱਲ ਰਹੇ ਹਨ। ਬ੍ਰਿਟੇਨ ਨੇ ਪਹਿਲਾਂ ਆਕਸਫੋਰਡ ਯੂਨੀਵਰਸਿਟੀ ਵਲੋਂ ਪਰੀਖਣ ਕੀਤੇ ਜਾ ਰਹੇ ਟੀਕਿਆਂ ਦੀਆਂ 10 ਕਰੋੜ ਖੁਰਾਕਾਂ ਹਾਸਲ ਕਰਨ ਦੇ ਲਈ ਐਸਟ੍ਰਾਜੇਨੇਕਾ ਨਾਲ ਸਮਝੌਤਾ ਕੀਤਾ ਸੀ। ਇਸ ਪ੍ਰੀਖਣ ਦੇ ਨਤੀਜੇ ਜਲਦੀ ਹੀ ਐਲਾਨ ਕੀਤੇ ਜਾਣਗੇ। ਸਰਕਾਰ ਨੇ ਤਿੰਨ ਵੱਖ-ਵੱਖ ਟੀਕਿਆਂ ਵਿਚ ਨਿਵੇਸ਼ ਕੀਤੇ ਜਾਣ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਇਸ ਨਾਲ ਲੱਖਾਂ ਲੋਕਾਂ ਨੂੰ ਟੀਕੇ ਦੀ ਸੁਵਿਧਾ ਮਿਲ ਸਕੇਗੀ।
ਫਿਲਹਾਲ ਇਹ ਸਪੱਸ਼ਟ ਨਹੀਂ ਹੈ ਕਿ ਕੋਰੋਨਾ ਵਾਇਰਸ ਦੇ ਇਲਾਜ ਵਿਚ ਇਹ ਟੀਕੇ ਕਾਰਗਰ ਹਨ ਜਾਂ ਨਹੀਂ। ਬ੍ਰਿਟੇਨ ਤੇ ਕਈ ਅਮੀਰ ਦੇਸ਼ ਟੀਕਾ ਬਣਨ ਦੀ ਹਾਲਤ ਵਿਚ ਇਸ ਨੂੰ ਹਾਸਲ ਕਰਨ ਦੇ ਲਈ ਪਹਿਲਾਂ ਤੋਂ ਹੀ ਨਿਵੇਸ਼ ਕਰ ਰਹੇ ਹਨ। ਆਮਕਰਕੇ ਟੀਕਾ ਵਿਕਸਿਤ ਕਰਨ ਵਿਚ ਸਾਲਾਂ ਲੱਗ ਜਾਂਦੇ ਹਨ ਤੇ ਫਿਲਹਾਲ ਦੁਨੀਆ ਭਰ ਵਿਚ ਇਕ ਦਰਜਨ ਤੋਂ ਵਧੇਰੇ ਟੀਕਿਆਂ ਦੇ ਪ੍ਰੀਖਣ ਦੇ ਸ਼ੁਰੂਆਤੀ ਪੜਾਅ ਵਿਚ ਹੈ।