ਇੰਗਲੈਂਡ : ਕੌਂਸਲ ਦੀ ਗਲਤੀ ਕਾਰਨ ਪੰਜਾਬੀ ਡਰਾਈਵਰ ਨੂੰ ਲੱਗਾ ਜੁਰਮਾਨਾ
Saturday, Mar 09, 2019 - 03:11 PM (IST)

ਲੰਡਨ, (ਰਾਜਵੀਰ ਸਮਰਾ)— ਇੰਗਲੈਂਡ 'ਚ ਰਹਿੰਦੇ ਇਕ ਪੰਜਾਬੀ ਵਿਅਕਤੀ ਨੂੰ ਕੌਂਸਲ ਦੀ ਗਲਤੀ ਕਾਰਨ ਜੁਰਮਾਨਾ ਲੱਗਾ। ਉਸ ਨੇ ਕਈ ਵਾਰ ਇਹ ਗੱਲ ਸਪੱਸ਼ਟ ਕੀਤੀ ਕਿ ਉਸ ਨੇ ਕਿਸੇ ਤਰ੍ਹਾਂ ਦਾ ਵੀ ਟ੍ਰੈਫਿਕ ਰੂਲ ਭੰਗ ਨਹੀਂ ਕੀਤਾ ਪਰ ਉਸ ਦੀ ਇਕ ਵੀ ਨਾ ਸੁਣੀ ਗਈ। ਇਲਫੋਰਡ ਸ਼ਹਿਰ 'ਚ ਰੈਡਬਰਿਜ ਕੌਂਸਲ ਅਧੀਨ ਟੈਕਸੀ ਚਲਾਉਣ ਵਾਲਾ ਪੰਜਾਬੀ ਬੇਕਸੂਰ ਹੋਣ ਦੇ ਬਾਵਜੂਦ ਕੌਂਸਲ ਕੋਲੋਂ ਆਪਣਾ ਖਰਚਾ ਵਾਪਸ ਲੈਣ ਤੋਂ ਅਸਮਰੱਥ ਰਿਹਾ।
ਪਿਛਲੇ ਸਾਲ ਫਰਵਰੀ ਵਿਚ 62 ਸਾਲਾ ਟੈਕਸੀ ਡਰਾਈਵਰ ਉਂਕਾਰ ਸਿੰਘ ਨੇ ਇਲਫੋਰਡ ਦੀ ਕਲੇਮੈਂਟ ਰੋਡ ਸਥਿਤ ਰੈਡਬ੍ਰਿਜ ਸੇਂਟਰਲ ਲਾਇਬ੍ਰੇਰੀ ਦੇ ਬਾਹਰ ਆਪਣੀ ਗੱਡੀ ਖੜ੍ਹੀ ਕੀਤੀ ਸੀ। ਕੌਂਸਲ ਵਲੋਂ ਉਸ ਨੂੰ ਬਿਨਾਂ ਕਿਸੇ ਕਸੂਰ ਦੇ 110 ਪੌਂਡ ਜੁਰਮਾਨੇ ਦਾ ਨੋਟਿਸ ਦਿੱਤਾ ਗਿਆ। ਇਸ ਤੋਂ ਬਾਅਦ ਉਸ ਨੇ ਕੌਂਸਲ ਨੂੰ ਆਪਣੀ ਸਫਾਈ ਵੀ ਪੇਸ਼ ਕੀਤੀ ਸੀ ਪਰ ਉਨ੍ਹਾਂ ਨੇ ਵਧੀਕੀ ਕਰਦਿਆਂ ਉਸ ਦੀ ਟੈਕਸੀ ਹੀ ਜ਼ਬਤ ਕਰ ਲਈ।
ਇਸ ਮਗਰੋਂ ਉਹ ਅਦਾਲਤ 'ਚ ਗਿਆ। ਉਸ ਨੂੰ ਅਦਾਲਤ ਤੱਕ ਪਹੁੰਚਣ ਲਈ ਪੱਲਿਓਂ 500 ਪੌਂਡ ਦਾ ਖਰਚਾ ਭਰਨਾ ਪਿਆ ਅਤੇ ਕੌਂਸਲ ਵਲੋਂ ਉਸ ਦੇ ਜੁਰਮਾਨੇ ਦਾ ਨੋਟਿਸ ਕੈਂਸਲ ਕਰਨ ਤੋਂ ਬਿਨਾ ਇਨਸਾਫ ਲਈ ਖਰਚੇ ਪੈਸੇ ਦੀ ਇੱਕ ਦੁਆਨੀ ਨਹੀਂ ਦਿੱਤੀ ਗਈ, ਜਿਸ ਲਈ ਉਹ ਪ੍ਰੇਸ਼ਾਨ ਹੈ। ਉਸ ਨੇ ਦੱਸਿਆ ਕਿ ਅਦਾਲਤੀ ਕਾਰਵਾਈ ਦੌਰਾਨ ਉਹ ਆਰਥਿਕ ਅਤੇ ਮਾਨਸਿਕ ਪ੍ਰੇਸ਼ਾਨੀਆਂ 'ਚੋਂ ਲੰਘਿਆ।