ਯੂ. ਕੇ. : ਐਡਨਬਰਾ ''ਚ ਕੋਰੋਨਾ ਕਾਰਨ ਲੱਗੀਆਂ ਪਾਬੰਦੀਆਂ ਖਿਲਾਫ਼ ਪ੍ਰਦਰਸ਼ਨ
Monday, Sep 07, 2020 - 01:49 PM (IST)

ਲੰਡਨ, (ਰਾਜਵੀਰ ਸਮਰਾ)- ਸਕਾਟਲੈਂਡ ਦੀ ਰਾਜਧਾਨੀ ਐਡਨਬਰਾ ਦੇ ਹਾਲੀਰੁੱਡ ਪਾਰਕ 'ਚ ਸਕਾਟਿਸ਼ ਪਾਰਲੀਮੈਂਟ ਦੇ ਸਾਹਮਣੇ 600 ਤੋਂ ਵੱਧ ਪ੍ਰਦਰਸ਼ਨਕਾਰੀਆਂ ਪ੍ਰਦਰਸ਼ਨ ਕੀਤਾ। ਇਨ੍ਹਾਂ ਲੋਕਾਂ ਨੇ ਸਰਕਾਰ ਦੁਆਰਾ ਕੋਰੋਨਾ ਸਬੰਧੀ ਲਗਾਈਆਂ ਪਾਬੰਦੀਆਂ ਦਾ ਵਿਰੋਧ ਕੀਤਾ। ਉਨ੍ਹਾਂ ਦਾ ਕਹਿਣਾ ਸੀ ਕਿ ਸਾਨੂੰ ਮਾਸਕ ਨਾ ਪਾਉਣ ਦੀ ਅਤੇ ਦੂਜੇ ਲੋਕਾਂ ਨੂੰ ਮਿਲਣ ਦੀ ਆਜ਼ਾਦੀ ਚਾਹੀਦੀ ਹੈ।
ਸਕਾਟਲੈਂਡ ਦੇ ਰਾਸ਼ਟਰੀ ਕਲੀਨਿਕਾਂ ਦੇ ਡਾਇਰੈਕਟਰ ਪ੍ਰੋਫੈਸਰ ਜੇਸਨ ਲੀਚ ਨੇ ਕਿਹਾ ਕਿ ਇਹ ਪ੍ਰਦਰਸ਼ਨ ਗ਼ੈਰ-ਜ਼ਿੰਮੇਵਾਰਾਨਾ ਹਨ। ਪ੍ਰਦਰਸ਼ਨਕਾਰੀ ਬਿਨਾਂ ਮਾਸਕ ਅਤੇ ਬਿਨਾਂ ਜ਼ਰੂਰੀ ਸਮਾਜਕ ਦੂਰੀ ਰੱਖ ਪ੍ਰਦਰਸ਼ਨ ਕਰ ਰਹੇ ਸਨ, ਜੋ ਕਿ ਹੋਰ ਲੋਕਾਂ ਲਈ ਮੁਸੀਬਤ ਬਣ ਸਕਦੇ ਹਨ ਅਤੇ ਕੋਰੋਨਾ ਫੈਲਾਉਣ 'ਚ ਮਦਦ ਕਰ ਸਕਦੇ ਹਨ।
ਤੁਹਾਨੂੰ ਦੱਸ ਦਈਏ ਕਿ ਬ੍ਰਿਟੇਨ ਵਿਚ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਹਨ। ਬੀਤੇ 24 ਘੰਟਿਆਂ ਵਿਚ ਇੱਥੇ 3 ਹਜ਼ਾਰ ਤੋਂ ਵੱਧ ਮਾਮਲੇ ਸਾਹਮਣੇ ਆਉਣ ਨਾਲ ਮਾਹਰਾਂ ਦੀ ਚਿੰਤਾ ਵੱਧ ਗਈ ਹੈ ਕਿ ਕਿਤੇ ਕੋਰੋਨਾ ਦੀ ਇਕ ਹੋਰ ਲਹਿਰ ਸ਼ੁਰੂ ਨਾ ਹੋ ਜਾਵੇ।