ਬ੍ਰਿਟੇਨ ’ਚ 42 ਸਾਲ ਪਹਿਲਾਂ ਭਾਰਤੀ ਵਿਦਿਆਰਥੀ ਦਾ ਹੋਇਆ ਸੀ ਕਤਲ, ਪੁਲਸ ਨੇ ਮੁੜ ਸ਼ੁਰੂ ਕੀਤੀ ਜਾਂਚ

05/17/2023 9:40:08 AM

ਲੰਡਨ (ਭਾਸ਼ਾ) : ਬ੍ਰਿਟੇਨ ਦੀ ਪੁਲਸ ਦੇ ਜਾਂਚਕਰਤਾ ਭਾਰਤੀ ਮੂਲ ਦੇ 8 ਸਾਲਾ ਸਕੂਲੀ ਬੱਚੇ ਦੀ ਮੌਤ ਦੇ ਮਾਮਲੇ ਦੀ ਫਿਰ ਤੋਂ ਜਾਂਚ ਕਰ ਰਹੇ ਹਨ। ਉਹ 4 ਦਹਾਕੇ ਪਹਿਲਾਂ ਘਰ ਪਰਤਦੇ ਸਮੇਂ ਲਾਪਤਾ ਹੋ ਗਿਆ ਸੀ। ਵਿਸ਼ਾਲ ਮੇਹਰੋਤਰਾ ਨਾਂ ਦਾ ਇਹ ਬੱਚਾ 29 ਜੁਲਾਈ 1981 ਨੂੰ ਦੱਖਣੀ ਲੰਡਨ ਤੋਂ ਲਾਪਤਾ ਹੋ ਗਿਆ ਸੀ। ਉਸੇ ਦਿਨ ਪ੍ਰਿੰਸ ਚਾਰਲਸ ਅਤੇ ਡਾਇਨਾ ਦਾ ਸ਼ਾਹੀ ਵਿਆਹ ਹੋਇਆ ਸੀ। 7 ਮਹੀਨਿਆਂ ਬਾਅਦ ਵਿਸ਼ਾਲ ਵੈਸਟ ਸਸੈਕਸ ਦੇ ਰੋਗੇਟ ਪਿੰਡ ਕੋਲੋਂ ਮ੍ਰਿਤਕ ਮਿਲਿਆ ਸੀ। ਹੁਣ ਤੱਕ ਉਸ ਦੇ ਕਤਲ ਦੇ ਮਾਮਲੇ ’ਚ ਕਿਸੇ ਨੂੰ ਵੀ ਦੋਸ਼ੀ ਨਹੀਂ ਠਹਿਰਾਇਆ ਜਾ ਸਕਿਆ ਹੈ।

ਇਹ ਵੀ ਪੜ੍ਹੋ: ਪ੍ਰੇਮਿਕਾ ਨੇ ਪ੍ਰੇਮੀ ਦੀ ਇੱਛਾ ਵਿਰੁੱਧ ਕਰਾਇਆ ਗਰਭਪਾਤ, ਮਿਲੀ ਦਰਦਨਾਕ ਮੌਤ

ਸਸੈਕਸ ਪੁਲਸ ਨੇ ਕਿਹਾ ਕਿ ਸਰੀ ਅਤੇ ਸਸੈਕਸ ਕ੍ਰਾਈਮ ਟੀਮ ਦੇ ਸੀਨੀਅਰ ਜਾਂਚਕਰਤਾਵਾਂ ਨੇ ਬ੍ਰਿਟੇਨ ’ਚ ਇਸ ਮਾਮਲੇ ਨਾਲ ਸਬੰਧਤ ਹਾਲ ਹੀ ਵਿਚ ਇਕ ਡਾਕੂਮੈਂਟਰੀ ਅਤੇ ਪ੍ਰੋਡਕਾਸਟ ਸੀਰੀਜ਼ ’ਤੇ ਚਰਚਾ ਕਰਨ ਲਈ ਪਿਛਲੇ ਹਫਤੇ ਵਿਸ਼ਾਲ ਦੇ ਪਿਤਾ ਵਿਸ਼ੰਭਰ ਮੇਹਰੋਤਰਾ ਨਾਲ ਮੁਲਾਕਾਤ ਕੀਤੀ ਸੀ। ਜਾਂਚ ਦਲ ਨੇ ਉਨ੍ਹਾਂ ਨੂੰ ਇਹ ਵੀ ਦੱਸਿਆ ਕਿ ਇਸ ਮਾਮਲੇ ਦੀ ਹੋਰ ਜਾਂਚ ਕੀਤੀ ਜਾ ਰਹੀ ਹੈ। ਵਿਸ਼ੰਭਰ ਮੇਹਰੋਤਰਾ ਉਦੋਂ ਤੋਂ ਹੀ ਉਨ੍ਹਾਂ ਹਾਲਾਤਾਂ ਦੀ ਡੂੰਘੀ ਜਾਂਚ ਲਈ ਮੁਹਿੰਮ ਚਲਾ ਰਹੇ ਹਨ, ਜਿਸ ਦੇ ਤਹਿਤ ਉਨ੍ਹਾਂ ਦਾ ਬੇਟਾ ਗਾਇਬ ਹੋਇਆ ਅਤੇ ਫਿਰ ਉਸ ਦਾ ਕਤਲ ਕਰ ਦਿੱਤਾ ਗਿਆ।

ਇਹ ਵੀ ਪੜ੍ਹੋ: ਸੁਨੀਲ ਗਾਵਸਕਰ ਨੇ ਲਿਆ MS ਧੋਨੀ ਦਾ ਆਟੋਗ੍ਰਾਫ, 'ਕੈਪਟਨ ਕੂਲ' ਨੇ ਪ੍ਰਸ਼ੰਸਕਾਂ ਨੂੰ ਦਿੱਤਾ ਤੋਹਫ਼ਾ

ਸਸੈਕਸ ਪੁਲਸ ਦੇ ਇਨਵੈਸੀਗੇਟਿਵ ਸੁਪਰਡੈਂਟ ਮਾਰਕ ਚੈਪਮੈਨ ਨੇ ਕਿਹਾ, 'ਅਸੀਂ ਮਿਸਟਰ ਮੇਹਰੋਤਰਾ ਅਤੇ ਵਿਸ਼ਾਲ ਦੇ ਪਰਿਵਾਰ ਦੇ ਦਰਦ ਅਤੇ ਉਨ੍ਹਾਂ ਸਵਾਲਾਂ ਦਾ ਜਵਾਬ ਪਾਉਣ ਦੀ ਉਨ੍ਹਾਂ ਦੀ ਉਤਸੁਕਤਾ ਨੂੰ ਸਮਝਦੇ ਹਾਂ ਕਿ 1981 ਵਿਚ ਉਸ ਨਾਲ ਕੀ ਹੋਇਆ ਸੀ। ਪੁਲਸ ਵਿਸ਼ਾਲ ਦੀ ਦੁਖ਼ਦਾਈ ਮੌਤ ਲਈ ਜ਼ਿੰਮੇਦਾਰ ਵਿਅਕਤੀਆਂ ਦੀ ਪਛਾਣ ਕਰਨ ਅਤੇ ਉਸ ਨੂੰ ਅਤੇ ਉਸ ਦੇ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਦ੍ਰਿੜ ਹੈ। ਹੁਣ ਤੱਕ ਪੁਲਸ ਵੱਲੋਂ ਡੂੰਘਾਈ ਨਾਲ ਜਾਂਚ ਕੀਤੀ ਗਈ ਹੈ ਪਰ ਅਸੀਂ ਕਿਸੇ ਵੀ ਨਵੀਂ ਸੂਚਨਾ ਨੂੰ ਹਾਸਲ ਕਰਨ ਅਤੇ ਉਸ ਦਾ ਸਵਾਗਤ ਕਰਨ ਲਈ ਤਿਆਰ ਹਾਂ ਅਤੇ ਅਧਿਕਾਰੀ ਜਾਂਚ ਦੀ ਕਿਸੇ ਵੀ ਸਹੀ ਦਿਸ਼ਾ ਵੱਲ ਵਧਦੇ ਰਹਿਣਗੇ।'

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News