ਬ੍ਰਿਟੇਨ ਦੇ PM ਨੇ ਲਾਕਡਾਊਨ ਹਟਾਉਣ ਦਾ ''ਰੋਡਮੈਪ'' ਕੀਤਾ ਸਾਂਝਾ, 4 ਪੜਾਅ ''ਚ ਹਟਾਈਆਂ ਜਾਣਗੀਆਂ ਪਾਬੰਦੀਆਂ

02/23/2021 1:13:29 AM

ਲੰਡਨ - ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਸੋਮਵਾਰ ਦੇਸ਼ ਵਿਚ ਲਾਕਡਾਊਨ ਹਟਾਉਣ ਦਾ ਰੋਡਮੈਪ ਜਾਰੀ ਕਰ ਦਿੱਤਾ ਹੈ। 4 ਪੜਾਅ ਵਿਚ ਲਾਕਡਾਊਨ ਹਟਾਇਆ ਜਾਵੇਗਾ। ਇਨ੍ਹਾਂ ਦੀਆਂ ਤਰੀਕਾਂ ਦਾ ਐਲਾਨ ਕਰਦੇ ਵੇਲੇ ਜਾਨਸਨ ਨੇ ਕਿਹਾ ਆਖਿਆ ਕਿ ਖਤਰਾ ਅਜੇ ਵੀ ਹੈ। ਆਉਣ ਵਾਲੇ ਮਹੀਨਿਆਂ ਵਿਚ ਹਸਪਤਾਲ ਵਿਚ ਦਾਖਲ ਹੋਣ ਵਾਲੇ ਮਰੀਜ਼ਾਂ ਅਤੇ ਮੌਤਾਂ ਦੀ ਗਿਣਤੀ ਵਧੇਗੀ ਕਿਉਂਕਿ ਕੋਈ ਵੀ ਵੈਕਸੀਨ ਪੂਰੀ ਆਬਾਦੀ ਨੂੰ 100 ਫੀਸਦੀ ਸੁਰੱਖਿਆ ਦਾ ਭਰੋਸਾ ਨਹੀਂ ਦੇ ਸਕਦੀ।

ਜਾਨਸਨ ਨੇ ਦੱਸਿਆ ਕਿ ਰੋਡਮੈਪ ਦੇ ਸਾਰੇ ਪੜਾਆਂ ਵਿਚਾਲੇ 5 ਹਫਤੇ ਦਾ ਫਰਕ ਹੋਵੇਗਾ। ਕਿਸੇ ਵੀ ਜਲਦਬਾਜ਼ੀ ਦਾ ਮਤਲਬ ਦੁਬਾਰਾ ਲਾਕਡਾਊਨ ਲਗਾਉਣ ਦੀ ਨੌਬਤ ਵੀ ਹੋ ਸਕਦੀ ਹੈ ਅਤੇ ਮੈਂ ਇਹ ਖਤਰਾ ਨਹੀਂ ਚੁੱਕਾਂਗਾ। ਉਨ੍ਹਾਂ ਨੇ ਸੰਸਦ ਮੈਂਬਰਾਂ ਨੂੰ ਕਿਹਾ ਕਿ ਹਰ ਪੜਾਅ ਵਿਚ ਸਾਡੇ ਫੈਸਲੇ 'ਤੇ ਤਰੀਕਾਂ ਦੀ ਬਜਾਏ ਡਾਟਾ ਦੀ ਅਹਿਮ ਭੂਮਿਕਾ ਹੋਵੇਗੀ। ਜਿਹੜੇ ਲੋਕ ਜਲਦ ਲਾਕਡਾਊਨ ਹਟਾਉਣ ਦੀ ਗੱਲ ਆਖ ਰਹੇ ਹਨ, ਮੈਂ ਉਨ੍ਹਾਂ ਦੇ ਹਾਲਾਤ ਸਮਝਦਾ ਹਾਂ। ਲੋਕ ਜੋ ਤਣਾਅ ਮਹਿਸੂਸ ਕਰ ਰਹੇ ਹਨ ਜਾਂ ਕਾਰੋਬਾਰ ਨੂੰ ਨੁਕਸਾਨ ਹੋ ਰਿਹਾ ਹੈ। ਉਸ ਤੋਂ ਮੈਂ ਬਹੁਤ ਦੁਖੀ ਹਾਂ। ਜਾਨਸਨ ਨੇ ਕਿਹਾ ਕਿ ਲਾਕਡਾਊਨ ਹਟਾਉਣ ਦੀ ਸ਼ੁਰੂਆਤ ਸਕੂਲਾਂ ਤੋਂ ਹੋਵੇਗੀ। ਦੇਸ਼ ਵਿਚ ਸਾਰੇ ਸਕੂਲ 8 ਮਾਰਚ ਤੋਂ ਫਿਰ ਖੁੱਲ੍ਹਣਗੇ।

ਬ੍ਰਿਟੇਨ ਵਿਚ ਲਾਕਡਾਊਨ ਹਟਾਉਣ ਦੇ 4 ਪੜਾਅ

1. 8 ਮਾਰਚ (ਪੜਾਅ-1)
- ਸਕੂਲ ਦੁਬਾਰਾ ਖੁੱਲ੍ਹਣਗੇ, ਚਾਈਲਡ ਕੇਅਰ ਦੀ ਇਜਾਜ਼ਤ ਹੋਵੇਗੀ
- 2 ਲੋਕ ਬਾਹਰ ਕਿਤੇ ਵੀ ਮਿਲ ਸਕਣਗੇ
- ਇਕ ਮਹਿਮਾਨ ਘਰ ਵਿਚ ਰੁਕ ਸਕੇਗਾ
- ਸਟੇਅ ਐਟ ਹੋਮ ਸ਼ੁਰੂ ਕੀਤਾ ਜਾ ਸਕੇਗਾ

2. 12 ਅਪ੍ਰੈਲ (ਪੜਾਅ-2) 
- ਰਿਟੇਲ ਪਰਸਨਲ ਕੇਅਰ, ਸੈਲੂਨ, ਲਾਇਬ੍ਰੇਰੀ, ਜਿਮ, ਜ਼ੂ, ਥੀਮ ਪਾਰਕ ਖੋਲ੍ਹੇ ਜਾ ਸਕਣਗੇ
- ਪਬ ਅਤੇ ਰੈਸਤੋਰੈਂਟ ਖੁੱਲ੍ਹਣਗੇ, ਕਰਫਿਊ ਨਹੀਂ ਲੱਗੇਗਾ
- ਸੋਸ਼ਲ ਡਿਸਟੈਂਸਿੰਗ ਦੇ ਨਿਯਮ ਜਾਰੀ ਰਹਿਣਗੇ
- ਕਾਟੇਜ਼ ਵਿਚ ਇਕ ਪਰਿਵਾਰ ਨੂੰ ਰਹਿਣ ਦੀ ਇਜਾਜ਼ਤ ਹੋਵੇਗੀ

3. 17 ਮਈ (ਪੜਾਅ-3)
- 2 ਪਰਿਵਾਰ ਆਪਸ ਵਿਚ ਮਿਲ ਸਕਣਗੇ, ਸਿਨੇਮਾ, ਸਾਫਟ ਪਲੇਅ ਏਰੀਆ ਦੁਬਾਰਾ ਖੁੱਲ੍ਹਣਗੇ
- ਇੰਟਰਨੈਸ਼ਨਲ ਟ੍ਰੈਵਲ ਸ਼ੁਰੂ ਹੋ ਸਕਦਾ ਹੈ
- ਸੋਸ਼ਲ ਡਿਸਟੈਂਸਿੰਗ ਦਾ ਰਿਵਿਊ ਕੀਤਾ ਜਾਵੇਗਾ
- ਟੈਸਟ ਅਤੇ ਵੈਕਸੀਨੇਸ਼ਨ ਦਾ ਰਿਵਿਊ ਹੋਵੇਗਾ

4. 21 ਜੂਨ (ਪੜਾਅ-4)
- ਸੋਸ਼ਲ ਕਾਂਟੈਕਟ ਨੂੰ ਲੈ ਕੇ ਕੋਈ ਰੋਕ ਨਹੀਂ ਰਹੇਗੀ
- ਵੱਡੇ ਇਵੈਂਟਸ ਤੋਂ ਪਾਬੰਦੀਆਂ ਹਟ ਜਾਣਗੀਆਂ
- ਹੋਟਲ ਖੁੱਲ੍ਹੇ ਰਹਿ ਸਕਦੇ ਹਨ
- ਵਿਆਹਾਂ 'ਤੇ ਪਾਬੰਦੀਆਂ ਲੱਗੀਆਂ ਰਹਿ ਸਕਦੀਆਂ ਹਨ
 


Khushdeep Jassi

Content Editor

Related News