ਯੂ. ਕੇ. ਆਕਸਫੋਰਡ ਦਾ ਕੋਰੋਨਾ ਇਲਾਜ ਲਈ ਟੀਕੇ ਦਾ ਪ੍ਰੋਜੈਕਟ ਫੇਲ, ਬੰਗਲਾਦੇਸ਼ ਨੂੰ ਮਿਲੀ ਸਫਲਤਾ

Thursday, May 21, 2020 - 02:21 PM (IST)

ਯੂ. ਕੇ. ਆਕਸਫੋਰਡ ਦਾ ਕੋਰੋਨਾ ਇਲਾਜ ਲਈ ਟੀਕੇ ਦਾ ਪ੍ਰੋਜੈਕਟ ਫੇਲ, ਬੰਗਲਾਦੇਸ਼ ਨੂੰ ਮਿਲੀ ਸਫਲਤਾ

ਲੰਡਨ- ਵਿਸ਼ਵ ਭਰ ਵਿਚ ਕੋਰੋਨਾ ਵਾਇਰਸ ਦੇ 50 ਲੱਖ ਤੋਂ ਵੱਧ ਮਾਮਲੇ ਆਉਣ ਦੇ ਬਾਅਦ ਇਸ ਮਹਾਮਾਰੀ ਦੀ ਰੋਕਥਾਮ ਲਈ ਵੈਕਸੀਨ ਦੀ ਖੋਜ ਹੋਰ ਤੇਜ਼ ਹੋ ਗਈ ਹੈ ਪਰ ਜਿਸ ਪ੍ਰਜੈਕਟ 'ਤੇ ਪੂਰੀ ਦੁਨੀਆ ਦੀਆਂ ਨਜ਼ਰਾਂ ਲੱਗੀਆਂ ਹਨ, ਉਹ ਫੇਲ ਹੋ ਗਿਆ। 

ਆਕਸਫੋਰਡ ਯੂਨੀਵਰਸਿਟੀ ਵਿਚ ਚੱਲ ਰਿਹਾ ਵੈਕਸੀਨ ਦਾ ਟਰਾਇਲ ਪਹਿਲੇ ਪੜਾਅ ਵਿਚ ਹੀ ਫੇਲ ਹੋ ਗਿਆ। ਇਸ ਟੀਕੇ ਦਾ ਬਾਂਦਰਾਂ 'ਤੇ ਕੋਈ ਖਾਸ ਅਸਰ ਦਿਖਾਈ ਨਹੀਂ ਦੇ ਰਿਹਾ ਜਦਕਿ ਅਮਰੀਕਾ ਦੀ ਬਾਇਓਟੇਕ ਕੰਪਨੀ ਮਾਰਡਨਾ ਨੂੰ ਉਸ ਦੇ ਪ੍ਰੋਜਕਟ ਵਿਚ ਸ਼ੁਰੂਆਤੀ ਸਫਲਤਾ ਮਿਲੀ ਹੈ ਅਤੇ ਥਾਈਲੈਂਡ ਨੇ ਵੀ ਟੀਕੇ ਦਾ ਟਰਾਇਲ ਸ਼ੁਰੂ ਕਰ ਦਿੱਤਾ ਹੈ। 
ਇਸ ਦੇ ਇਲਾਵਾ ਭਾਰਤ ਦੇ ਗੁਆਂਢੀ ਦੇਸ਼ ਬੰਗਲਾਦੇਸ਼ੀ ਡਾਕਟਰਾਂ ਦੀ ਇਕ ਟੀਮ ਨੇ ਕੋਵਿਡ-19 ਦੀ ਦਵਾਈ ਬਣਾਉਣ ਦਾ ਦਾਅਵਾ ਕੀਤਾ ਹੈ। ਉਨ੍ਹਾਂ ਦਾ ਦਾਅਵਾ ਹੈ ਕਿ ਟੀਮ ਨੇ ਦੋ ਡਰੱਗਾਂ ਨੂੰ ਮਿਲਾ ਕੇ ਅਜਿਹਾ ਐਂਟੀਬਾਡੀ ਤਿਆਰ ਕੀਤਾ ਹੈ, ਜਿਸ ਦੇ ਨਤੀਜੇ ਮਰੀਜ਼ਾਂ ਨੂੰ ਹੈਰਾਨ ਕਰਨ ਵਾਲੇ ਹਨ। ਸੋਧਕਾਰ ਅਤੇ ਬੰਗਲਾਦੇਸ਼ ਮੈਡੀਕਲ ਕਾਲਜ ਹਸਪਤਾਲ ਵਿਚ ਮੈਡੀਸਨ ਵਿਭਾਗ ਦੇ ਹੈੱਡ ਪ੍ਰੋਫੈਸਰ ਮੁਹੰਮਦ ਤਾਰਿਕ ਆਲਮ ਦਾ ਕਹਿਣਾ ਹੈ ਕਿ ਅਸੀਂ ਕੋਰੋਨਾ ਦੇ 60 ਮਰੀਜ਼ਾਂ 'ਤੇ ਦਵਾਈ ਦੀ ਵਰਤੋਂ ਕੀਤੀ ਹੈ ਤੇ ਨਤੀਜੇ ਕਾਫੀ ਪਾਜ਼ੀਟਿਵ ਆਏ ਹਨ। ਮਰੀਜ਼ਾਂ ਨੂੰ ਜਦ ਦੋ ਦਵਾਈਆਂ ਵਾਲਾ ਐਂਟੀਡੋਟ ਦਿੱਤਾ ਗਿਆ ਤਾਂ ਮਰੀਜ਼ ਠੀਕ ਹੋ ਗਏ। 

ਬੰਗਲਾਦੇਸ਼ ਦੇ ਮਾਹਿਰ ਪ੍ਰੋਫੈਸਰ ਤਾਰਿਕ ਦਾ ਕਹਿਣਾ ਹੈ ਕਿ ਜਾਨਵਰਾਂ ਵਿਚ ਪਰਜੀਵੀ-ਕੀੜੇ ਮਾਰਨ ਵਾਲੀ ਦਵਾਈ ਆਈਵਰਮੈਕਟਿਨ ਦੇ ਸਿੰਗਲ ਡੋਜ਼ ਨਾਲ ਐਂਟੀਬਾਇਓਟਕ ਡਾਕਸੀਸਾਇਕਲਿਨ ਨੂੰ ਮਿਲਾ ਕੇ ਐਂਟੀਡੋਟ ਤਿਆਰ ਕੀਤਾ ਗਿਆ। ਉਨ੍ਹਾਂ ਦੀ ਟੀਮ ਕੋਰੋਨਾ ਦੇ ਮਰੀਜ਼ਾਂ ਨੂੰ ਇਹ ਦੋਵੇਂ ਦਵਾਈਆਂ ਦੇ ਰਹੀ ਹੈ। ਜ਼ਿਆਦਾਤਰ ਮਰੀਜ਼ ਅਜਿਹੇ ਹਨ, ਜਿਨ੍ਹਾਂ ਨੂੰ ਸਾਹ ਲੈਣ ਵਿਚ ਤਕਲੀਫ ਸੀ ਤੇ ਕੋਰੋਨਾ ਪਾਜ਼ੀਟਿਵ ਸਨ। ਉਨ੍ਹਾਂ ਨੂੰ ਦਵਾਈ ਦਿੱਤੀ ਗਈ, ਜਿਸ ਦੇ ਮਗਰੋਂ 4 ਦਿਨ ਬਾਅਦ ਹੀ ਠੀਕ ਹੋਏ ਅਤੇ ਇਸ ਦਾ ਕੋਈ ਸਾਈਡ ਇਫੈਕਟ ਦਿਖਾਈ ਨਹੀਂ ਦਿੱਤਾ। ਠੀਕ ਹੋ ਚੁੱਕੇ ਮਰੀਜ਼ਾਂ 'ਤੇ ਅਜੇ ਨਜ਼ਰ ਰੱਖੀ ਜਾ ਰਹੀ  ਹੈ। ਦੱਸ ਦਈਏ ਕਿ ਬੰਗਲਾਦੇਸ਼ ਵਿਚ ਕੋਰੋਨਾ ਦੇ 22 ਹਜ਼ਾਰ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ ਤੇ 238 ਲੋਕਾਂ ਦੀ ਮੌਤ ਹੋ ਚੁੱਕੀ ਹੈ। 


author

Lalita Mam

Content Editor

Related News