ਯੂ. ਕੇ. : ਤਾਲਾਬੰਦੀ ਦੌਰਾਨ ਕਾਰੋਬਾਰਾਂ ਦੀ ਸਹਾਇਤਾ ਲਈ ਰਾਹਤ ਪੈਕੇਜ ਦਾ ਐਲਾਨ

Wednesday, Jan 06, 2021 - 10:29 PM (IST)

ਯੂ. ਕੇ. : ਤਾਲਾਬੰਦੀ ਦੌਰਾਨ ਕਾਰੋਬਾਰਾਂ ਦੀ ਸਹਾਇਤਾ ਲਈ ਰਾਹਤ ਪੈਕੇਜ ਦਾ ਐਲਾਨ

ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)- ਯੂ. ਕੇ. ਇਸ ਸਮੇਂ ਕੋਰੋਨਾ ਵਾਇਰਸ ਮਹਾਮਾਰੀ ਨੂੰ ਵਧਣ ਤੋਂ ਰੋਕਣ ਲਈ ਤੀਜੀ ਵਾਰ ਰਾਸ਼ਟਰੀ ਤਾਲਾਬੰਦੀ ਦਾ ਸਾਹਮਣਾ ਕਰ ਰਿਹਾ ਹੈ। ਦੇਸ਼ ਵਿਚ ਪਹਿਲਾਂ ਹੀ ਆਰਥਿਕ ਮੰਦੀ ਦਾ ਸਾਹਮਣਾ ਕਰ ਰਹੇ ਕਾਰੋਬਾਰਾਂ ਲਈ ਸਰਕਾਰ ਦੁਆਰਾ ਇਸ ਤਾਲਾਬੰਦੀ ਕਰਕੇ ਵਿੱਤੀ ਸਹਾਇਤਾ ਦੇਣ ਦੀ ਘੋਸ਼ਣਾ ਕੀਤੀ ਗਈ ਹੈ। ਇਸ ਤਹਿਤ ਮਹਾਮਾਰੀ ਦੌਰਾਨ ਇੰਗਲੈਂਡ ਅਤੇ ਸਕਾਟਲੈਂਡ ਦੇ ਨਾਲ ਹੋਰ ਖੇਤਰਾਂ "ਚ ਸੰਘਰਸ਼ ਕਰ ਰਹੀਆਂ ਫਰਮਾਂ ਦੀ ਸਹਾਇਤਾ ਲਈ ਚਾਂਸਲਰ ਰਿਸ਼ੀ ਸੁਨਕ ਵਲੋਂ ਕੁੱਲ 4.6 ਬਿਲੀਅਨ ਪੌਂਡ ਦੇ ਰਾਹਤ ਪੈਕੇਜ ਦਾ ਐਲਾਨ ਕੀਤਾ ਗਿਆ ਹੈ। 

ਇਸ ਵਿੱਤੀ ਰਾਹਤ ਤਹਿਤ ਚਾਂਸਲਰ ਅਨੁਸਾਰ ਪ੍ਰਚੂਨ, ਪ੍ਰਹੁਣਚਾਰੀ ਅਤੇ ਮਨੋਰੰਜਨ ਦੇ ਖੇਤਰਾਂ ਵਿਚ ਕਾਰੋਬਾਰਾਂ ਨੂੰ ਤਾਜ਼ਾ ਕੋਰੋਨਾ ਵਾਇਰਸ ਪਾਬੰਦੀਆਂ ਦੇ ਮੱਦੇਨਜ਼ਰ ਇਕ ਵਾਰ ਦੀ ਗ੍ਰਾਂਟ ਦੇ ਰੂਪ ਵਿਚ 9,000 ਪੌਂਡ ਤੱਕ ਦੀ ਸਹਾਇਤਾ ਰਾਸ਼ੀ ਪ੍ਰਾਪਤ ਹੋਵੇਗੀ। ਇਹ ਰਾਹਤ ਪੈਕੇਜ ਨਾਲ ਅੰਦਾਜ਼ਨ 6 ਲੱਖ ਕਾਰੋਬਾਰੀ ਜਾਇਦਾਦਾਂ ਨੂੰ ਲਾਭ ਹੋਣ ਦੀ ਉਮੀਦ ਹੈ। ਇਸ ਪੈਕੇਜ ਵਿਚ ਹੋਰ ਪ੍ਰਭਾਵਿਤ ਹੋਣ ਵਾਲੇ ਕਾਰੋਬਾਰਾਂ ਲਈ ਵੀ 594 ਮਿਲੀਅਨ ਪੌਂਡ ਦੇ ਫੰਡ ਸ਼ਾਮਲ ਕੀਤੇ ਗਏ ਹਨ। 

ਇਸ ਰਾਹਤ ਪੈਕੇਜ ਦੇ ਹਿੱਸੇ ਵਜੋਂ ਸਕਾਟਲੈਂਡ ਨੂੰ 375 ਮਿਲੀਅਨ, ਵੇਲਜ਼ ਨੂੰ 227 ਮਿਲੀਅਨ ਅਤੇ ਉੱਤਰੀ ਆਇਰਲੈਂਡ ਨੂੰ 127 ਮਿਲੀਅਨ ਪੌਂਡ ਦੀ ਰਾਸ਼ੀ ਪ੍ਰਦਾਨ ਕੀਤੀ ਜਾਵੇਗੀ। ਚਾਂਸਲਰ ਅਨੁਸਾਰ ਇਹ ਰਾਹਤ ਪੈਕੇਜ ਕਾਰੋਬਾਰਾਂ ਨੂੰ ਆਉਣ ਵਾਲੇ ਮਹੀਨਿਆਂ ਵਿਚ ਸਹਾਇਤਾ ਕਰਨ ਨਾਲ ਨੌਕਰੀਆਂ ਨੂੰ ਬਰਕਰਾਰ ਰੱਖਣ ਵਿਚ ਵੀ ਸਹਾਈ ਹੋਵੇਗਾ। ਇਸ ਯੋਜਨਾ ਤਹਿਤ 15,000 ਪੌਂਡ ਜਾਂ ਇਸ ਤੋਂ ਘੱਟ ਮੁੱਲ ਵਾਲੇ ਕਾਰੋਬਾਰਾਂ ਲਈ 4,000 ਪੌਂਡ , 15,000 ਤੋਂ 51,000 ਪੌਂਡ ਦੇ ਵਿਚਕਾਰ ਮੁੱਲ ਵਾਲੇ ਕਾਰੋਬਾਰਾਂ ਲਈ 6,000 ਪੌਂਡ ਅਤੇ 9,000 ਪੌਂਡ ਦੀ ਗ੍ਰਾਂਟ 51,000 ਪੌਂਡ ਤੋਂ ਜ਼ਿਆਦਾ ਮੁੱਲ ਦੇ ਕਾਰੋਬਾਰਾਂ ਨੂੰ ਦਿੱਤੀ ਜਾਵੇਗੀ। ਸਰਕਾਰ ਅਨੁਸਾਰ ਇਸ ਕੋਰੋਨਾ ਸੰਕਟ ਦੌਰਾਨ ਕਈ ਕਾਰੋਬਾਰਾਂ ਨੇ ਨੌਕਰੀਆਂ ਵਿੱਚ ਕਟੌਤੀ ਕਰਨ ਦਾ ਐਲਾਨ ਕੀਤਾ ਹੈ, ਜਿਨ੍ਹਾਂ ਵਿੱਚ ਖ਼ਾਸਕਰ ਪ੍ਰਚੂਨ, ਪ੍ਰਹੁਣਚਾਰੀ , ਮਨੋਰੰਜਨ ਅਤੇ ਹਵਾਬਾਜ਼ੀ ਵਰਗੇ ਖੇਤਰਾਂ ਜ਼ਿਆਦਾ ਪ੍ਰਭਾਵਿਤ ਹੋਏ ਹਨ ਅਤੇ ਇਹ ਰਾਹਤ ਪੈਕੇਜ ਇਹਨਾਂ ਕਾਰੋਬਾਰਾਂ ਨੂੰ ਵਿੱਤੀ ਸੰਕਟ "ਚੋਂ ਉੱਭਰਣ ਵਿੱਚ ਮੱਦਦ ਕਰੇਗਾ।
 


author

Sanjeev

Content Editor

Related News