ਯੂਕੇ ਜਾਣ ਦੇ ਚਾਹਵਾਨ ਭਾਰਤੀਆਂ ਲਈ ਅਹਿਮ ਖ਼ਬਰ, ਸਰਕਾਰ ਨੇ ਸਖ਼ਤ ਕੀਤੇ ਨਾਗਰਿਕਤਾ ਨਿਯਮ
Tuesday, Aug 01, 2023 - 11:20 AM (IST)
ਲੰਡਨ (ਏ.ਐੱਨ.ਆਈ.): ਬ੍ਰਿਟੇਨ ਦੀ ਸਰਕਾਰ ਨੇ ਦੇਸ਼ ਵਿਚ ਗੰਭੀਰ ਅਪਰਾਧਾਂ ਨੂੰ ਰੋਕਣ ਲਈ ਸਖ਼ਤ ਕਦਮ ਚੁੱਕਿਆ ਹੈ। ਇਸ ਦੇ ਤਹਿਤ ਬ੍ਰਿਟੇਨ ਦੀ ਗ੍ਰਹਿ ਸਕੱਤਰ ਸੁਏਲਾ ਬ੍ਰੇਵਰਮੈਨ ਨੇ ਕਿਹਾ ਕਿ ਗੰਭੀਰ ਅਪਰਾਧੀਆਂ ਨੂੰ ਦਿੱਤੀ ਜਾਣ ਵਾਲੀ ਬ੍ਰਿਟਿਸ਼ ਨਾਗਰਿਕਤਾ 'ਤੇ ਸੋਮਵਾਰ ਤੋਂ ਲਾਗੂ ਸਖਤ ਨਿਯਮਾਂ ਦੇ ਤਹਿਤ ਰੋਕ ਲਗਾ ਦਿੱਤੀ ਜਾਵੇਗੀ ਭਾਵੇਂਕਿ ਅਪਰਾਧ ਕਿਤੇ ਵੀ ਕੀਤਾ ਗਿਆ ਹੋਵੇ। ਭਾਰਤੀ ਮੂਲ ਦੀ ਮੰਤਰੀ ਨੇ ਕਿਹਾ ਕਿ ਉਹ ਨਾਗਰਿਕਤਾ ਲਈ ਅਰਜ਼ੀਆਂ ਦੇਣ ਲਈ ਸਮਾਂ ਸੀਮਾ ਵਧਾ ਕੇ ਬ੍ਰਿਟੇਨ ਦੀ ਰਾਸ਼ਟਰੀ ਪ੍ਰਣਾਲੀ ਦੀ ਦੁਰਵਰਤੋਂ 'ਤੇ ਨਕੇਲ ਕਸ ਰਹੇ ਹਨ। ਇਹਨਾਂ ਨਿਯਮਾਂ ਨੂੰ ਬ੍ਰਿਟੇਨ ਜਾਣ ਦੇ ਚਾਹਵਾਨ ਭਾਰਤੀਆਂ ਲਈ ਇਕ ਚਿਤਾਵਨੀ ਵਜੋਂ ਦੇਖਿਆ ਜਾ ਸਕਦਾ ਹੈ।
ਪਹਿਲਾਂ ਦੇ ਨਿਯਮਾਂ ਮੁਤਾਬਕ ਅਪਰਾਧੀਆਂ ਨੂੰ ਉਹਨਾਂ ਦੀ ਸਜ਼ਾ ਦੇ ਖ਼ਤਮ ਹੋਣ ਦੇ ਕਰੀਬ 15 ਸਾਲ ਬੀਤ ਜਾਣ ਦੇ ਬਾਅਦ ਬ੍ਰਿਟਿਸ਼ ਨਾਗਰਿਕਤਾ ਦਿੱਤੀ ਜਾ ਸਕਦੀ ਸੀ ਭਾਵੇਂਕਿ ਅਪਰਾਧ ਕੁਝ ਵੀ ਹੋਵੇ ਜਾਂ ਕਿਤੇ ਵੀ ਕੀਤਾ ਗਿਆ ਹੋਵੇ ਪਰ ਹੁਣ ਇਸ ਵਿਚ ਤਬਦੀਲੀ ਕੀਤੀ ਗਈ ਹੈ। ਬ੍ਰੇਵਰਮੈਨ ਨੇ ਕਿਹਾ ਕਿ ਬ੍ਰਿਟੇਨ ਦੀ ਨਾਗਰਿਕਤਾ ਇਕ ਵਿਸ਼ੇਸ਼ ਅਧਿਕਾਰ ਹੈ। ਜਿਹੜੇ ਲੋਕ ਅਪਰਾਧ ਕਰਦੇ ਹਨ, ਉਹ ਨਾਗਰਿਕ ਅਧਿਕਾਰਾਂ ਦਾ ਆਨੰਦ ਲੈਣ ਦੇ ਯੋਗ ਨਹੀਂ ਹੋਣੇ ਚਾਹੀਦੇ, ਜਿਸ ਵਿਚ ਬ੍ਰਿਟੇਨ ਦਾ ਪਾਸਪੋਰਟ ਰੱਖਣਾ, ਵੋਟ ਪਾਉਣਾ ਅਤੇ ਰਾਸ਼ਟਰੀ ਸਿਹਤ ਸੇਵਾ ਤੋਂ ਮੁਫ਼ਤ ਇਲਾਜ ਦੀ ਦੇਖਭਾਲ ਤੱਕ ਪਹੁੰਚ ਸ਼ਾਮਲ ਹੈ।' ਉਸ ਨੇ ਕਿਹਾ ਕਿ 'ਮੈਂ ਬ੍ਰਿਟੇਨ ਦੀ ਇਮੀਗ੍ਰੇਸ਼ਨ ਅਤੇ ਕੌਮੀਅਤ ਪ੍ਰਣਾਲੀ ਦੀ ਦੁਰਵਰਤੋਂ 'ਤੇ ਸਖ਼ਤ ਕਾਰਵਾਈ ਕਰ ਰਹੀ ਹਾਂ ਤਾਂ ਜੋ ਗੰਭੀਰ ਅਪਰਾਧੀ ਬ੍ਰਿਟੇਨ ਦੀ ਨਾਗਰਿਕਤਾ ਹਾਸਲ ਨਾ ਕਰ ਸਕਣ। ਇਹ ਸਾਡੇ ਦੇਸ਼ ਲਈ ਸਹੀ ਕਦਮ ਹੈ।'
ਬ੍ਰਿਟੇਨ ਦੀ ਸਰਕਾਰ ਦੀ ਕਾਰਵਾਈ ਵਿੱਚ ਘੱਟ ਤੋਂ ਘੱਟ 12 ਮਹੀਨੇ ਦੀ ਜੇਲ੍ਹ ਦੀ ਸਜ਼ਾ ਪਾਉਣ ਵਾਲੇ ਕਿਸੇ ਵੀ ਵਿਅਕਤੀ ਦੀ ਨਵੀਂ ਐਪਲੀਕੇਸ਼ਨ 'ਤੇ ਸਖ਼ਤ ਨਿਯਮ ਲਾਗੂ ਹਨ। ਗ੍ਰਹਿ ਦਫਤਰ ਨੇ ਕਿਹਾ ਕਿ ਉਹ ਬ੍ਰਿਟੇਨ ਦੀਆਂ ਸੀਮਾਵਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਂਦਾ ਹੈ ਅਤੇ ਇਸ ਨੂੰ ਯਕੀਨੀ ਬਣਾਉਣ ਲਈ ਸਰਕਾਰ ਦੀ ਵਚਨਬੱਧਤਾ ਦੀ ਮੁੜ ਪੁਸ਼ਟੀ ਕਰਦਾ ਹੈ ਕਿ ਅਪਰਾਧਿਕ ਰਿਕਾਰਡ ਵਾਲਾ ਕੋਈ ਵੀ ਵਿਅਕਤੀ ਬ੍ਰਿਟੇਨ ਦੀ ਇਮੀਗ੍ਰੇਸ਼ਨ ਅਤੇ ਕੌਮੀਅਤ ਪ੍ਰਣਾਲੀ ਦੀ ਦੁਰਵਰਤੋਂ ਨਹੀਂ ਕਰ ਸਕਦਾ ਹੈ।
ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ : ਰਾਸ਼ਟਰਪਤੀ ਅਹੁਦੇ ਦੀ ਦੌੜ 'ਚ ਭਾਰਤੀ ਮੂਲ ਦੇ 3 ਲੋਕ ਸ਼ਾਮਲ, ਜਾਣੋ ਵੇਰਵਾ
ਬਦਲੇ ਨਿਯਮਾਂ ਦੇ ਤਹਿਤ ਇੱਕ ਚੰਗਾ ਚਰਿੱਤਰ ਬ੍ਰਿਟਿਸ਼ ਨਾਗਰਿਕਤਾ ਪ੍ਰਾਪਤ ਕਰਨ ਦੀ ਮਹੱਤਵਪੂਰਨ ਸ਼ਰਤ ਹੈ ਅਤੇ ਇਹ ਦੇਖਿਆ ਜਾਵੇਗੀ ਕਿ ਕੀ ਵਿਅਕਤੀ ਨੇ ਬ੍ਰਿਟੇਨ ਦੇ ਕਾਨੂੰਨ ਦਾ ਪਾਲਣ ਕੀਤਾ ਹੈ ਅਤੇ ਬ੍ਰਿਟੇਨ ਦੇ ਨਾਗਰਿਕਾਂ ਦੀ ਅਧਿਕਾਰਾਂ ਅਤੇ ਸੁਤੰਤਰਤਾ ਲਈ ਸਨਮਾਨ ਵਿਖਾਇਆ ਹੈ। ਇਸ ਮੁਤਾਬਕ ਅਪਰਾਧਿਕ ਦੋਸ਼ਸਿੱਧੀ, ਇਮੀਗ੍ਰੇਸ਼ਨ, ਅਪਮਾਨ ਤੇ ਯੁੱਧ ਅਪਰਾਧ, ਅੱਤਵਾਦ ਜਾਂ ਕਤਲੇਆਮ ਜਿਹੇ ਵਰਗੇ ਗੰਭੀਰ ਵਿਵਹਾਰ ਦੇ ਕਾਰਕ ਵੀ ਨਾਗਰਿਕਤਾ ਪ੍ਰਦਾਨ ਕਰਨ ਤੋਂ ਪਹਿਲਾਂ ਵੇਖੇ ਜਾਣਗੇ। ਪਿਛਲੇ ਨਿਯਮਾਂ ਦੇ ਤਹਿਤ ਚਾਰ ਸਾਲ ਦੀ ਜੇਲ ਦੀ ਸਜ਼ਾ ਉਹ ਸੀਮਾ ਸੀ, ਜਿਸ 'ਤੇ ਬ੍ਰਿਟੇਨ ਦੀ ਨਾਗਰਿਕਤਾ ਦੀ ਅਰਜ਼ੀ ਖਾਰਜ ਕੀਤੀ ਜਾ ਸਕਦੀ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।