ਬ੍ਰਿਟੇਨ : ਭਾਰਤੀ ਮੂਲ ਦੇ ਉਮੀਦਵਾਰਾਂ ਨੇ ਭਖਾਇਆ ਚੋਣ ਅਖਾੜਾ

12/08/2019 3:20:31 PM

ਲੰਡਨ— ਬ੍ਰਿਟੇਨ 'ਚ 12 ਦਸੰਬਰ ਨੂੰ ਆਮ ਚੋਣਾਂ ਹੋਣ ਜਾ ਰਹੀਆਂ ਹਨ। ਇਨ੍ਹਾਂ ਦੇ ਨਤੀਜੇ 13 ਦਸੰਬਰ ਨੂੰ ਆ ਜਾਣਗੇ। ਪਿਛਲੇ 5 ਸਾਲਾਂ 'ਚ ਬ੍ਰਿਟੇਨ 'ਚ ਇਹ ਤੀਜੀ ਵਾਰ ਆਮ ਚੋਣਾਂ ਹੋਣਗੀਆਂ। ਇੱਥੇ ਲਗਭਗ 46 ਮਿਲੀਅਨ ਵੋਟਰ 650 ਐੱਮ. ਪੀਜ਼. ਦੀ ਚੋਣ ਕਰਨਗੇ। ਕਿਸੇ ਵੀ ਪਾਰਟੀ ਨੂੰ ਜਿੱਤਣ ਲਈ 326 ਸੀਟਾਂ ਜਿੱਤਣ ਦੀ ਜ਼ਰੂਰਤ ਹੈ। 18 ਸਾਲ ਦਾ ਕੋਈ ਵੀ ਬਰਤਾਨਵੀ ਨਾਗਰਿਕ ਵੋਟ ਪਾਉਣ ਦਾ ਹੱਕਦਾਰ ਹੈ।

ਇਸ ਤੋਂ ਪਹਿਲਾਂ 2017 'ਚ ਆਮ ਚੋਣਾਂ ਦੌਰਾਨ ਭਾਰਤੀ ਮੂਲ ਦੇ 12 ਐੱਮ. ਪੀਜ਼ ਚੁਣੇ ਗਏ ਸਨ। ਇਨ੍ਹਾਂ 'ਚ ਪਹਿਲੀ ਸਿੱਖ ਮਹਿਲਾ ਐੱਮ. ਪੀ. ਪ੍ਰੀਤ ਕੌਰ ਗਿੱਲ ਅਤੇ ਪਹਿਲੇ ਦਸਤਾਰਧਾਰੀ ਐੱਮ. ਪੀ. ਤਨਮਨਜੀਤ ਸਿੰਘ ਢੇਸੀ ਦੀ ਚੋਣ ਹੋਈ ਸੀ, ਜੋ ਵਿਰੋਧੀ ਧਿਰ ਲੇਬਰ ਪਾਰਟੀ ਤੋਂ ਹਨ। ਬ੍ਰਿਟੇਨ 'ਚ ਵੱਡੀ ਗਿਣਤੀ 'ਚ ਰਹਿ ਰਹੇ ਭਾਰਤੀ ਵੋਟਰਾਂ ਨੂੰ ਪ੍ਰਭਾਵਿਤ ਕਰਨ ਲਈ ਭਾਰਤੀ ਮੂਲ ਦੇ ਉਮੀਦਵਾਰਾਂ ਨੂੰ ਚੋਣ ਮੈਦਾਨ 'ਚ ਉਤਾਰਿਆ ਗਿਆ ਹੈ।

ਇਨ੍ਹਾਂ ਚੋਣਾਂ 'ਚ ਲੇਬਰ ਪਾਰਟੀ ਦੇ ਨਵੇਂਦਰੂ ਮਿਸ਼ਰਾ, ਕੰਜ਼ਰਵੇਟਿਵ ਪਾਰਟੀ ਦੇ ਗਗਨ ਮਹਿੰਦਰਾ ਅਤੇ ਗੁਆਨ ਦੇ ਕਲੇਰ ਕੁਟਿਨਹੋ ਆਪਣੀਆਂ-ਆਪਣੀਆਂ ਪਾਰਟੀਆਂ ਵਲੋਂ ਮਜ਼ਬੂਤ ਦਾਅਵੇਦਾਰਾਂ ਵਜੋਂ ਦੇਖੇ ਜਾ ਰਹੇ ਹਨ। ਭਾਰਤੀ ਮੂਲ ਦੇ ਸਾਰਾ ਕੁਮਾਰ, ਸੰਜੋ ਸੈਨ, ਅਕਾਲ ਸਿੱਧੂ, ਨਰਿੰਦਰ ਸਿੰਘ ਸੇਖੋਂ, ਅੰਜਨਾ ਪਟੇਲ, ਸੀਨਾ ਸ਼ਾਹ, ਪਾਮ ਗੋਸਲ ਬੈਂਸ, ਬੁਪਨ ਡੇਵ (ਦੇਵ), ਜੀਤ ਬੈਂਸ, ਕੰਵਲ ਤੂਰ ਗਿੱਲ, ਗੁਰਜੀਤ ਕੌਰ ਬੈਂਸ ਅਤੇ ਪਵਿੱਤਰ ਕੌਰ ਮਾਨ ਚੋਣ ਮੈਦਾਨ 'ਚ ਹਨ ਤੇ ਆਪਣੇ ਵਿਰੋਧੀਆਂ ਨੂੰ ਟੱਕਰ ਦੇਣ ਲਈ ਤਿਆਰ ਹਨ।
ਲੇਬਰ ਪਾਰਟੀ ਵਲੋਂ ਕੁਲਦੀਪ ਸਹੋਤਾ ਚੋਣ ਮੈਦਾਨ 'ਚ ਹਨ ਤੇ ਇਨ੍ਹਾਂ ਤੋਂ ਇਲਾਵਾ ਰੰਜੀਵ ਵਾਲੀਆ, ਕਿਸ਼ਨ ਦੇਵਾਨੀ, ਅਨੀਤਾ ਪ੍ਰਭਾਕਰ, ਡੇਵ ਰਾਵਾਲ, ਨਿਤਿਸ਼ ਡੇਵ ਅਤੇ ਮੀਰਾ ਵੀ ਆਪਣੀ ਕਿਸਮਤ ਅਜਮਾਉਣ ਲਈ ਮੈਦਾਨ 'ਚ ਹਨ। ਪ੍ਰੀਤੀ ਪਟੇਲ, ਅਲੋਕ ਸ਼ਰਮਾ, ਰਿਸ਼ੀ ਸੁਨਾਕ, ਸ਼ਲੇਸ਼ ਵਾਰਾ ਅਤੇ ਸੁਏਲਾ ਬਰੇਵਰਮੈਨ ਦੇ ਨਾਲ-ਨਾਲ ਢੇਸੀ ਤੇ ਗਿੱਲ ਸਣੇ ਕੁੱਝ ਹੋਰਾਂ ਦੀਆਂ ਸੀਟਾਂ ਨੂੰ ਸੁਰੱਖਿਅਤ ਹੀ ਮੰਨਿਆ ਜਾ ਰਿਹਾ ਹੈ।

ਜ਼ਿਕਰਯੋਗ ਹੈ ਕਿ ਬ੍ਰਿਟੇਨ ਦੀ ਸੰਸਦ 'ਚ ਹਾਲ ਹੀ 'ਚ ਕਸ਼ਮੀਰ ਦਾ ਮੁੱਦਾ ਚੁੱਕ ਕੇ ਭਾਰਤੀ ਮੂਲ ਦੇ ਵੋਟਰਾਂ ਨੂੰ ਜੋੜਨ ਦੀ ਕੋਸ਼ਿਸ਼ ਕੀਤੀ ਗਈ। ਸੋਸ਼ਲ ਮੀਡੀਆ 'ਤੇ ਲੋਕਾਂ ਵਲੋਂ ਲਗਾਤਾਰ ਇਸ ਮੁੱਦੇ 'ਤੇ ਪ੍ਰਤੀਕਿਰਿਆ ਸਾਂਝੀ ਕੀਤੀ ਜਾ ਰਹੀ ਹੈ।


Related News