ਯੂ. ਕੇ. ਨੇ ਬਣਾਇਆ ਪੰਜ ਮਿੰਟਾਂ 'ਚ ਕੋਰੋਨਾ ਦਾ ਪਤਾ ਲਗਾਉਣ ਵਾਲਾ ਟੈਸਟ

10/16/2020 12:29:10 PM

ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ)- ਕੋਰੋਨਾ ਵਾਇਰਸ ਦੇ ਚੱਲਦਿਆਂ ਬਹੁਤ ਸਾਰੀਆਂ ਨਵੀਆਂ ਖੋਜਾਂ ਹੋਈਆਂ ਹਨ ਅਤੇ ਬਹੁਤੇ ਰਹੱਸਾਂ ਤੋਂ ਪਰਦਾ ਵੀ ਉੱਠਿਆ ਹੈ। ਵਾਇਰਸ ਦੇ ਲਾਗ ਦੀ ਪੁਸ਼ਟੀ ਕਰਨ ਲਈ ਹੋਣ ਵਾਲੇ ਟੈਸਟਾਂ ਵਿੱਚ ਯੂ. ਕੇ. ਦੇ ਵਿਗਿਆਨੀਆਂ ਨੇ ਇਕ ਤੇਜ਼ ਕੋਵਿਡ ਟੈਸਟ ਵਿਕਸਤ ਕੀਤਾ ਹੈ ਜੋ ਪੰਜ ਮਿੰਟਾਂ ਤੋਂ ਵੀ ਘੱਟ ਸਮੇਂ ਵਿਚ ਕੋਰੋਨਾ ਵਾਇਰਸ ਦੀ ਪਛਾਣ ਕਰ ਸਕਦਾ ਹੈ। 

ਆਕਸਫੋਰਡ ਯੂਨੀਵਰਸਿਟੀ ਦੇ ਮਾਹਰਾਂ ਨੇ ਕਿਹਾ ਹੈ ਕਿ ਉਹ 2021 ਦੇ ਆਰੰਭ ਵਿਚ ਟੈਸਟਿੰਗ ਉਪਕਰਣ ਦੇ ਉਤਪਾਦਨ ਦੀ ਸ਼ੁਰੂਆਤ ਕਰ ਦੇਣਗੇ ਅਤੇ ਛੇ ਮਹੀਨਿਆਂ ਬਾਅਦ ਇਕ ਪ੍ਰਵਾਨਿਤ ਟੈਸਟ ਉਪਕਰਣ ਉਪਲੱਬਧ ਹੋਵੇਗਾ। ਇਸ ਟੈਸਟ ਦੇ ਖੋਜਕਰਤਾਵਾਂ ਅਨੁਸਾਰ ਇਹ ਉਪਕਰਣ ਕੋਰੋਨਾ ਵਾਇਰਸ ਦਾ ਪਤਾ ਲਗਾਉਣ ਦੇ ਨਾਲ ਇਸ ਨੂੰ ਹੋਰ ਵਾਇਰਸਾਂ ਤੋਂ ਵੱਖ ਕਰਨ ਦੇ ਯੋਗ ਵੀ ਹੈ। 

ਪ੍ਰੋਫੈਸਰ ਐਚਲਿਸ ਕਪਾਨਿਡਿਸ ਅਨੁਸਾਰ ਇਹ ਤਰੀਕਾ ਜਲਦੀ ਵਾਇਰਸ ਦੇ ਕਣਾਂ ਦਾ ਪਤਾ ਲਗਾ ਲੈਂਦਾ ਹੈ, ਇਸ ਦਾ ਅਰਥ ਇਹ ਹੈ ਕਿ ਇਹ ਟੈਸਟ ਸਧਾਰਣ, ਬਹੁਤ ਤੇਜ਼ ਅਤੇ ਲਾਗਤ-ਪ੍ਰਭਾਵਸ਼ਾਲੀ ਹੋਵੇਗਾ।
ਇਸ ਟੈਸਟ ਦੇ ਸੰਬੰਧ ਵਿਚ ਸਾਈਮੇਂਨਜ ਹੈਲਥਾਈਨਰਜ਼ ਨੇ ਯੂਰਪ ਵਿਚ ਕੋਰੋਨਾ ਵਾਇਰਸ ਦੀ ਲਾਗ ਦਾ ਤੇਜ਼ੀ ਨਾਲ ਪਤਾ ਲਗਾਉਣ ਲਈ ਐਂਟੀਜੇਨ ਟੈਸਟ ਕਿੱਟ ਸ਼ੁਰੂ ਕਰਨ ਦੀ ਘੋਸ਼ਣਾ ਕੀਤੀ ਹੈ। ਹਾਲਾਂਕਿ ਆਕਸਫੋਰਡ ਦਾ ਪਲੇਟਫਾਰਮ ਇਸ ਲਈ ਅਗਲੇ ਸਾਲ ਹੀ ਤਿਆਰ ਹੋਵੇਗਾ। ਇਸ ਲਈ ਇਹ ਨਵੀਂ ਟੈਸਟ ਖੋਜ ਅਗਲੀਆਂ ਸਰਦੀਆਂ ਲਈ ਮਹਾਮਾਰੀ ਨੂੰ ਰੋਕਣ ਵਿਚ ਸਹਾਇਤਾ ਕਰ ਸਕਦੀ ਹੈ।


Lalita Mam

Content Editor

Related News