ਯੂਕੇ: ਪੰਜ ਸਾਲਾਂ ਦੌਰਾਨ 85 ਜਾਅਲੀ ਯੂਨੀਵਰਸਿਟੀ ਵੈਬਸਾਈਟਾਂ ਨੂੰ ਕੀਤਾ ਗਿਆ ਬੰਦ
Friday, Feb 19, 2021 - 06:03 PM (IST)
ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ): ਸਿੱਖਿਆ ਇੱਕ ਸੱਭਿਅਕ ਸਮਾਜ ਦੀ ਸਿਰਜਣਾ ਅਤੇ ਵਿਅਕਤੀਗਤ ਵਿਕਾਸ ਲਈ ਬਹੁਤ ਜ਼ਰੂਰੀ ਹੈ। ਪਰ ਅਫਸੋਸ ਕਿ ਇਸ ਨੂੰ ਅੱਜਕਲ੍ਹ ਕਈ ਲੋਕਾਂ ਨੇ ਪੈਸਾ ਕਮਾਉਣ ਲਈ ਵਪਾਰ ਵਿੱਚ ਤਬਦੀਲ ਕਰ ਦਿੱਤਾ ਹੈ। ਯੂਕੇ ਵੀ ਸਿੱਖਿਆ ਦੇ ਇਸ ਵਪਾਰੀਕਰਨ ਤੋਂ ਬਚਿਆ ਨਹੀ ਹੈ। ਦੇਸ਼ ਵਿੱਚ ਕਈ ਸੰਸਥਾਵਾਂ ਵੱਲੋਂ ਜਾਅਲੀ ਡਿਗਰੀਆਂ ਦੇਣ ਦਾ ਗੋਰਖਧੰਦਾ ਚਲਾਇਆ ਜਾ ਰਿਹਾ ਹੈ, ਜਿਸ ਸੰਬੰਧ ਵਿੱਚ ਬ੍ਰਿਟਿਸ਼ ਉੱਚ ਸਿੱਖਿਆ ਦੀ ਤਕਨਾਲੋਜੀ ਅਤੇ ਆਈ ਟੀ ਏਜੰਸੀ, ਜਿਸਕ ਦੇ ਅਨੁਸਾਰ ਡਿਗਰੀ ਧੋਖਾਧੜੀ ਵਿਰੁੱਧ ਇੱਕ ਸਰਕਾਰੀ ਕਾਰਵਾਈ ਦੇ ਹਿੱਸੇ ਵਜੋਂ ਪਿਛਲੇ ਪੰਜ ਸਾਲਾਂ ਵਿੱਚ ਯੂਕੇ ਦੀਆਂ 85 ਨਕਲੀ ਵੈਬਸਾਈਟਾਂ ਨੂੰ ਬੰਦ ਕੀਤਾ ਗਿਆ ਹੈ।
ਇਹਨਾਂ ਨਕਲੀ ਯੂਨੀਵਰਸਿਟੀ ਵੈਬਸਾਈਟਾਂ ਨੂੰ ਬੰਦ ਕਰਨ ਵਾਲਿਆਂ ਵਿੱਚ ਨਿਊਕੈਸਲ ਬਿਜਨਸ ਕਾਲਜ ਦਾ ਨਾਮ ਸ਼ਾਮਿਲ ਹੈ, ਜੋ ਕਿ ਹਜ਼ਾਰਾਂ ਬ੍ਰਿਟਿਸ਼ ਵਿਦਿਆਰਥੀਆਂ ਨੂੰ ਹਰ ਸਾਲ ਇਸ ਦੇ ਕੈਂਪਸ ਵਿੱਚ ਲਿਜਾਣ ਦਾ ਦਾਅਵਾ ਕਰਦਾ ਸੀ ਜਦਕਿ ਇਸ ਦਾ ਕੋਈ ਵਜੂਦ ਨਹੀ ਸੀ। ਇਸ ਸੰਬੰਧੀ ਇੱਕ ਜਾਂਚ ਵਿੱਚ ਸਾਹਮਣੇ ਆਇਆ ਕਿ ਇਹ ਮਿਡਲ ਈਸਟ ਤੋਂ ਬਾਹਰ ਜਾਅਲੀ ਐਮ.ਬੀ.ਏ. ਅਤੇ ਡੀ.ਬੀ.ਏ. ਯੋਗਤਾਵਾਂ ਦੀ ਪੇਸ਼ਕਸ਼ ਕਰ ਰਿਹਾ ਸੀ।
ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆ ਦੇ ਪੀ.ਐੱਮ. ਮੌਰੀਸਨ ਨੇ ਫੇਸਬੁੱਕ ਨੂੰ ਪਾਬੰਦੀ ਹਟਾਉਣ ਅਤੇ ਗੱਲਬਾਤ ਦਾ ਦਿੱਤਾ ਸੱਦਾ
ਬੰਦ ਕੀਤੀਆਂ ਗਈਆਂ ਇਹ ਜਾਅਲੀ ਵੈਬਸਾਈਟਾਂ 2015 ਵਿੱਚ ਸਰਕਾਰ ਦੁਆਰਾ ਯੂਕੇ ਦੀਆਂ ਅਸਲੀ ਯੂਨੀਵਰਸਿਟੀਆਂ ਦੀ ਅੰਤਰਰਾਸ਼ਟਰੀ ਸਾਖ ਦੀ ਰੱਖਿਆ ਲਈ ਸ਼ੁਰੂ ਕੀਤੀ ਗਈ ਮੁਹਿੰਮ ਦਾ ਨਤੀਜਾ ਹਨ। ਹੈਡ ਡਿਗਰੀ ਧੋਖਾਧੜੀ ਸੇਵਾ ਦੁਆਰਾ ਚਲਾਏ ਜਾ ਰਹੇ ਇੱਕ ਉਪਰਾਲੇ ਤਹਿਤ 310 ਸੰਸਥਾਵਾਂ ਨੂੰ ਜਾਅਲੀ ਡਿਗਰੀਆਂ ਦੀ ਜਾਂਚ ਕਰਨ ਲਈ ਵੀ ਪੇਸ਼ਕਸ਼ ਕੀਤੀ ਗਈ। ਇਸ ਦੇ ਇਲਾਵਾ ਇਹ ਮੰਨਿਆ ਜਾਂਦਾ ਹੈ ਕਿ ਕੋਰੋਨਾ ਵਾਇਰਸ ਮਹਾਮਾਰੀ ਦੇ ਨਤੀਜੇ ਵਜੋਂ ਵੀ ਯੂਕੇ ਵਿੱਚ ਵਿਦਿਅਕ ਧੋਖਾਧੜੀ ਵੱਧ ਰਹੀ ਹੈ।
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।