ਯੂਕਰੇਨ ਤਣਾਅ ਦਰਮਿਆਨ ਯੂਕੇ ਦੇ ਰੱਖਿਆ ਮੰਤਰੀ ਵੈਲੇਸ ਨੇ ਕੀਤਾ ਰੂਸ ਦਾ ਦੌਰਾ
Friday, Feb 11, 2022 - 06:18 PM (IST)
ਮਾਸਕੋ (ਭਾਸ਼ਾ) : ਯੂਕਰੇਨ ਦੀ ਸਰਹੱਦ ਨੇੜੇ ਜੰਗ ਦੇ ਡਰ ਦੇ ਵਿਚਕਾਰ ਤਣਾਅ ਨੂੰ ਘੱਟ ਕਰਨ ਲਈ ਗੱਲਬਾਤ ਲਈ ਬ੍ਰਿਟੇਨ ਦੇ ਰੱਖਿਆ ਮੰਤਰੀ ਬੇਨ ਵੈਲੇਸ ਨੇ ਸ਼ੁੱਕਰਵਾਰ ਨੂੰ ਰੂਸ ਦੀ ਯਾਤਰਾ ਕੀਤੀ। ਬ੍ਰਿਟਿਸ਼ ਵਿਦੇਸ਼ ਮੰਤਰੀ ਲਿਜ਼ ਟਰਸ ਦੀ ਮਾਸਕੋ ਵਿਚ ਗੱਲਬਾਤ ਕਰਨ ਤੋਂ ਇਕ ਦਿਨ ਬਾਅਦ ਵੈਲਸ ਨੇ ਰੂਸ ਦੀ ਯਾਤਰਾ ਕੀਤੀ। ਟਰਸ ਨੇ ਯੂਕਰੇਨ ਦੀ ਸਰਹੱਦ ਦੇ ਨੇੜੇ ਇਕੱਠੇ ਹੋਏ 1 ਲੱਖ ਤੋਂ ਵੱਧ ਸੈਨਿਕਾਂ ਨੂੰ ਵਾਪਸ ਬੁਲਾਉਣ ਦੀ ਮੰਗ ਕੀਤੀ ਅਤੇ ਚੇਤਾਵਨੀ ਦਿੱਤੀ ਕਿ ਜੇਕਰ ਯੂਕਰੇਨ 'ਤੇ ਹਮਲਾ ਕੀਤਾ ਜਾਂਦਾ ਹੈ, ਤਾਂ ਇਸ ਦੇ "ਵੱਡੇ ਪੱਧਰ ਦੇ ਗੰਭੀਰ ਨਤੀਜੇ" ਹੋਣਗੇ।
ਰੂਸ ਦਾ ਕਹਿਣਾ ਹੈ ਕਿ ਉਸ ਦੀ ਯੂਕਰੇਨ 'ਤੇ ਹਮਲਾ ਕਰਨ ਦੀ ਕੋਈ ਯੋਜਨਾ ਨਹੀਂ ਹੈ, ਪਰ ਉਹ ਚਾਹੁੰਦਾ ਹੈ ਕਿ ਪੱਛਮੀ ਦੇਸ਼ ਯੂਕਰੇਨ ਅਤੇ ਹੋਰ ਸਾਬਕਾ ਸੋਵੀਅਤ ਦੇਸ਼ਾਂ ਨੂੰ ਉੱਤਰੀ ਅਟਲਾਂਟਿਕ ਸੰਧੀ ਸੰਗਠਨ (ਨਾਟੋ) ਤੋਂ ਬਾਹਰ ਰੱਖਣ। ਵੀਰਵਾਰ ਨੂੰ ਐਨ.ਬੀ.ਸੀ. ਨਿਊਜ਼ ਨਾਲ ਇਕ ਇੰਟਰਵਿਊ ਵਿਚ, ਯੂ.ਐਸ. ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਆਪਣੀ ਚੇਤਾਵਨੀ ਨੂੰ ਦੁਹਰਾਇਆ ਸੀ ਕਿ ਜੋ ਵੀ ਅਮਰੀਕੀ ਅਜੇ ਵੀ ਯੂਕਰੇਨ ਵਿਚ ਹੈ, ਉਨ੍ਹਾਂ ਨੂੰ ਜਲਦੀ ਤੋਂ ਜਲਦੀ ਉਥੋਂ ਨਿਕਲ ਜਾਣਾ ਚਾਹੀਦਾ ਹੈ।
ਵਧਦੇ ਤਣਾਅ ਦੇ ਵਿਚਕਾਰ, ਬ੍ਰਿਟਿਸ਼ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਨੇ ਵੀਰਵਾਰ ਨੂੰ ਚੇਤਾਵਨੀ ਦਿੱਤੀ ਸੀ ਕਿ ਯੂਕਰੇਨ ਸੰਕਟ ਦਹਾਕਿਆਂ ਵਿਚ ਯੂਰਪ ਲਈ "ਸਭ ਤੋਂ ਖ਼ਤਰਨਾਕ ਪਲ" ਬਣ ਗਿਆ ਹੈ। ਯੂਕਰੇਨ ਦੇ ਨੇੜੇ ਸੈਨਿਕਾਂ ਦੀ ਤਾਇਨਾਤੀ ਨੂੰ ਜਾਰੀ ਰੱਖਦੇ ਹੋਏ, ਰੂਸ ਨੇ ਛੇ ਲੜਾਕੂ ਜਹਾਜ਼ਾਂ ਨੂੰ ਕਾਲੇ ਸਾਗਰ ਬੇੜੇ ਵਿਚ ਤਬਦੀਲਾ ਕਰ ਦਿੱਤਾ ਹੈ, ਜਿਸ ਨਾਲ ਸਮੁੰਦਰੀ ਤੱਟ 'ਤੇ ਮਰੀਨਾਂ ਦੇ ਉਤਰਨ ਦੀ ਸਮਰੱਥਾ ਵਧ ਗਈ ਹੈ।