ਯੂਕੇ: ਇਕ ਦਿਨ ਵਿੱਚ ਤਕਰੀਬਨ 660,000 ਲੋਕਾਂ ਨੂੰ ਮਿਲੀ ਰਿਕਾਰਡ ਕੋਰੋਨਾ ਵੈਕਸੀਨ
Saturday, Mar 20, 2021 - 02:04 PM (IST)
ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)- ਯੂਕੇ ਵਿਚ ਚੱਲ ਰਹੀ ਕੋਰੋਨਾ ਵਾਇਰਸ ਟੀਕਾਕਰਨ ਮੁਹਿੰਮ ਦੇ ਚਲਦਿਆਂ ਇਕ ਹੀ ਦਿਨ ਵਿੱਚ ਰਿਕਾਰਡ ਤੋੜ ਕੋਰੋਨਾ ਵੈਕਸੀਨ ਦੀਆਂ ਖੁਰਾਕਾਂ ਦਿੱਤੀਆਂ ਗਈਆਂ ਹਨ। ਯੂਕੇ ਵਿੱਚ ਵੀਰਵਾਰ ਨੂੰ ਤਕਰੀਬਨ 660,276 ਟੀਕੇ ਲਗਾਏ ਗਏ ਹਨ ਜੋ ਕਿ ਪਿਛਲੇ 30 ਜਨਵਰੀ ਦੇ ਰਿਕਾਰਡ 609,010 ਟੀਕਿਆਂ ਨਾਲੋਂ ਲਗਭਗ 50,000 ਜ਼ਿਆਦਾ ਹਨ। ਅੰਕੜਿਆਂ ਅਨੁਸਾਰ ਇਹਨਾਂ ਟੀਕਿਆਂ ਵਿੱਚੋਂ 528,260 ਪਹਿਲੀਆਂ ਅਤੇ 132,016 ਦੂਜੀਆਂ ਖੁਰਾਕਾਂ ਸਨ।
ਸਰਕਾਰ ਦੇ ਕੋਰੋਨਾ ਵਾਇਰਸ ਡੈਸ਼ਬੋਰਡ ਦੇ ਅਨੁਸਾਰ ਯੂਕੇ ਦੀ ਅੱਧ ਤੋਂ ਘੱਟ ਬਾਲਗ ਆਬਾਦੀ ਨੂੰ ਟੀਕੇ ਦੀ ਪਹਿਲੀ ਖੁਰਾਕ ਮਿਲ ਚੁੱਕੀ ਹੈ। ਸਰਕਾਰ ਅਨੁਸਾਰ 50 ਸਾਲ ਤੋਂ ਵੱਧ ਅਤੇ ਸਿਹਤ ਪੱਖੋਂ ਕਮਜ਼ੋਰ ਲੋਕਾਂ ਨੂੰ ਅਜੇ ਵੀ 15 ਅਪ੍ਰੈਲ ਤੱਕ ਪਹਿਲੀ ਖੁਰਾਕ ਦੀ ਪੇਸ਼ਕਸ਼ ਕੀਤੀ ਜਾਵੇਗੀ ਅਤੇ ਦੂਜੀ ਖੁਰਾਕ ਅਪ੍ਰੈਲ ਵਿਚ ਤਕਰੀਬਨ 12 ਮਿਲੀਅਨ ਲੋਕਾਂ ਲਈ ਉਪਲੱਬਧ ਹੋਵੇਗੀ। ਪ੍ਰਧਾਨ ਮੰਤਰੀ ਦੀ ਯੋਜਨਾ ਅਨੁਸਾਰ, ਹਰ ਬਾਲਗ ਵਿਅਕਤੀ ਨੂੰ ਜੁਲਾਈ ਦੇ ਅੰਤ ਤੱਕ ਪਹਿਲੀ ਖੁਰਾਕ ਦੀ ਪੇਸ਼ਕਸ਼ ਕੀਤੀ ਜਾਵੇਗੀ।