ਯੂ. ਕੇ. : ਇਸ ਉਮਰ ਦੇ ਬੱਚਿਆਂ ''ਤੇ ਕੋਰੋਨਾ ਦੀ ਵਧੇਰੇ ਮਾਰ, 7 ਗੁਣਾ ਵਧੇ ਮਾਮਲੇ
Tuesday, Sep 22, 2020 - 08:29 AM (IST)
ਗਲਾਸਗੋ/ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ)- ਕੋਰੋਨਾ ਵਾਇਰਸ ਮਹਾਮਾਰੀ ਛੋਟੇ ਬੱਚਿਆਂ ਉੱਪਰ ਵੀ ਆਪਣਾ ਕਹਿਰ ਢਾਹ ਰਹੀ ਹੈ। ਰਾਸ਼ਟਰੀ ਅੰਕੜਾ ਵਿਭਾਗ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਦੋ ਤੋਂ 11 ਸਾਲ ਦੇ ਬੱਚਿਆਂ ਲਈ ਲਾਗ ਦੀ ਦਰ ਜੁਲਾਈ ਦੇ ਮੁਕਾਬਲੇ 7 ਗੁਣਾ ਵਧੇਰੇ ਹੋ ਗਈ ਹੈ।
ਇਸ ਦੇ ਨਾਲ ਹੀ 17 ਤੋਂ 24 ਅਤੇ 25 ਤੋਂ 34 ਸਾਲ ਦੇ ਲੋਕਾਂ ਵਿੱਚ ਵੀ ਇਹ ਬੀਮਾਰੀ ਵੱਧ ਰਹੀ ਹੈ। ਇਸ ਤਰ੍ਹਾਂ ਇੰਗਲੈਂਡ ਵਿਚ ਤਕਰੀਬਨ 59,800 ਲੋਕਾਂ ਦੀ 10 ਸਤੰਬਰ ਤੱਕ ਕੋਵਿਡ -19 ਨਾਲ ਪੀੜਿਤ ਹੋਣ ਦੀ ਪੁਸ਼ਟੀ ਹੋਈ ਹੈ ਜੋ ਕਿ ਇਸ ਤੋਂ ਇਕ ਹਫ਼ਤੇ ਪਹਿਲਾਂ ਨਾਲੋਂ 51 ਪ੍ਰਤੀਸ਼ਤ ਵੱਧ ਹੈ। ਕੋਵਿਡ -19 ਇਨਫੈਕਸ਼ਨ ਸਰਵੇਖਣ ਦੇ ਵਿਸ਼ਲੇਸ਼ਣ ਦੀ ਸਹਿ-ਮੁਖੀ ਕੈਥਰੀਨ ਕੈਂਟ ਅਨੁਸਾਰ ਇਸ ਵਾਇਰਸ ਦਾ ਸੰਕਰਮਣ ਜ਼ਿਆਦਾਤਰ ਛੋਟੇ ਬੱਚਿਆਂ ਵਿੱਚ ਵੇਖਿਆ ਜਾ ਰਿਹਾ ਹੈ। ਇਸ ਮਾਮਲੇ ਵਿੱਚ 11 ਸਾਲ ਦੀ ਉਮਰ ਦੇ ਬੱਚਿਆਂ ਵਿੱਚ ਵਾਇਰਸ ਦੇ ਮਾਮਲੇ 23 ਜੁਲਾਈ ਨੂੰ 0.04 ਫੀਸਦੀ ਤੋਂ ਵੱਧ ਕੇ 10 ਸਤੰਬਰ ਤੱਕ 0.28 ਪ੍ਰਤੀਸ਼ਤ ਦੇ ਵਾਧੇ ਨਾਲ ਨੋਟ ਕੀਤੇ ਗਏ ਹਨ।