ਯੂ. ਕੇ. : ਸੜਕਾਂ ''ਤੇ ਸੌਂਣ ਵਾਲੇ ਬੇਘਰੇ ਵਿਦੇਸ਼ੀਆਂ ਨੂੰ ਹੋ ਸਕਦੈ ਬ੍ਰੈਗਜ਼ਿਟ ਮਗਰੋਂ ਦੇਸ਼ ਨਿਕਾਲਾ

10/22/2020 12:06:15 PM

ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ)- ਯੂ. ਕੇ.ਵਿਚ ਬਹੁਤ ਵੱਡੀ ਗਿਣਤੀ ਵਿਚ ਹਰ ਸਾਲ ਪ੍ਰਵਾਸੀ ਰੋਜ਼ੀ-ਰੋਟੀ ਦੀ ਤਲਾਸ਼ ਵਿਚ ਆਉਂਦੇ ਹਨ, ਜਿਨ੍ਹਾਂ ਵਿੱਚੋਂ ਕੁਝ ਨੂੰ ਗੁਜ਼ਾਰਾ ਕਰਨ ਲਈ ਸਿਰ 'ਤੇ ਛੱਤ ਵੀ ਨਹੀਂ ਜੁੜਦੀ। ਇਸ ਕਰਕੇ ਉਨ੍ਹਾਂ ਨੂੰ ਬਾਹਰ ਸੜਕਾਂ 'ਤੇ ਹੀ ਆਪਣਾ ਡੇਰਾ ਲਾਉਣਾ ਪੈਂਦਾ ਹੈ ਪਰ ਹੁਣ ਯੂ. ਕੇ. ਸਰਕਾਰ ਬ੍ਰੈਗਜ਼ਿਟ ਦੀ ਸਮਾਂ ਸੀਮਾ ਖ਼ਤਮ ਹੋਣ 'ਤੇ ਅਜਿਹੇ ਲੋਕਾਂ ਨੂੰ ਦੇਸ਼ ਨਿਕਾਲਾ ਦੇਣ ਦੀ ਫਿਰਾਕ ਵਿਚ ਹੈ। 

ਇਸ ਸੰਬੰਧੀ ਸੰਸਦ ਸਾਹਮਣੇ ਰੱਖੇ ਗਏ ਇਮੀਗ੍ਰੇਸ਼ਨ ਨਿਯਮ 1 ਜਨਵਰੀ ਨੂੰ ਲਾਗੂ ਹੋਣ ਦੇ ਬਾਅਦ ਇਨ੍ਹਾਂ ਲੋਕਾਂ ਨੂੰ ਯੂ. ਕੇ. ਵਿਚ ਰਹਿਣ ਦੀ ਇਜਾਜ਼ਤ ਤੋਂ ਇਨਕਾਰ ਕਰਨ ਦਾ ਅਧਾਰ ਬਣ ਜਾਣਗੇ। ਯੂ. ਕੇ. ਵਿਚ ਲਗਭਗ ਇੱਕ-ਚੌਥਾਈ ਬਾਹਰ ਸੌਂਣ ਵਾਲੇ ਲੋਕ ਵਿਦੇਸ਼ੀ ਨਾਗਰਿਕ ਮੰਨੇ ਜਾਂਦੇ ਹਨ। 2019 ਦੇ ਅੰਕੜੇ ਦੱਸਦੇ ਹਨ ਕਿ 22 ਫੀਸਦੀ ਲੋਕ ਯੂਰਪੀਅਨ ਯੂਨੀਅਨ ਦੇ ਸਨ, ਜਦੋਂ ਕਿ 4 ਫੀਸਦੀ ਗੈਰ ਯੂਰਪੀਅਨ ਨਾਗਰਿਕ ਸਨ। ਇਸ ਨੀਤੀ ਦੇ ਬਹੁਤ ਜ਼ਿਆਦਾ ਵਿਵਾਦਪੂਰਨ ਹੋਣ ਦੀ ਉਮੀਦ ਹੈ। 

2017 ਵਿਚ ਵੀ ਇਸ ਤਰ੍ਹਾਂ ਦੇ ਵਸਨੀਕਾਂ ਨੂੰ ਦੇਸ਼ ਨਿਕਾਲਾ ਦੇਣ ਦੀ ਗ੍ਰਹਿ ਦਫ਼ਤਰ ਦੀ ਨੀਤੀ ਨੂੰ ਉੱਚ ਅਦਾਲਤ ਨੇ ਦੋ ਪੋਲਿਸ਼ ਅਤੇ ਇੱਕ ਲਾਤਵੀਅਨ ਆਦਮੀ ਵਲੋਂ ਦਿੱਤੀ ਗਈ ਚੁਣੌਤੀ ਤੋਂ ਬਾਅਦ ਅਦਾਲਤ ਨੇ ਗੈਰ ਕਾਨੂੰਨੀ ਠਹਿਰਾਇਆ ਸੀ। ਇਸ ਤੋਂ ਇਲਾਵਾ ਨਵੀਂ ਤਬਦੀਲੀ ਦੇ ਤਹਿਤ ਜਦੋਂ ਨਵੇਂ ਸਾਲ ਵਿੱਚ ਯੂਰਪੀ ਸੰਘ ਨਾਲ ਆਵਾਜਾਈ ਦੀ ਆਜ਼ਾਦੀ ਖ਼ਤਮ ਹੋ ਜਾਵੇਗੀ ਤਾਂ ਇਕ ਸਾਲ ਤੋਂ ਵੱਧ ਕੈਦ ਦੀ ਸਜ਼ਾ ਵਾਲੇ ਸਾਰੇ ਵਿਦੇਸ਼ੀ ਅਪਰਾਧੀਆਂ 'ਤੇ ਵੀ ਦੇਸ਼ ਵਿਚ ਦਾਖ਼ਲ ਹੋਣ 'ਤੇ ਪਾਬੰਦੀ ਹੋਵੇਗੀ ਜਦਕਿ ਜਿਨ੍ਹਾਂ ਨੂੰ ਇਕ ਸਾਲ ਤੋਂ ਘੱਟ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ, ਉਨ੍ਹਾਂ 'ਤੇ  ਵੀ ਪਾਬੰਦੀ ਲਗਾਈ ਜਾ ਸਕਦੀ ਹੈ।


Lalita Mam

Content Editor

Related News