ਗਰਲਫਰੈਂਡ ਨਾਲ ਵਿਵਾਦ ''ਚ ਉਲਝੇ ਬ੍ਰਿਟੇਨ ਦੇ ਪੀ. ਐੱਮ. ਉਮੀਦਵਾਰ ਜਾਨਸਨ

Sunday, Jun 23, 2019 - 10:40 AM (IST)

ਗਰਲਫਰੈਂਡ ਨਾਲ ਵਿਵਾਦ ''ਚ ਉਲਝੇ ਬ੍ਰਿਟੇਨ ਦੇ ਪੀ. ਐੱਮ. ਉਮੀਦਵਾਰ ਜਾਨਸਨ

ਲੰਡਨ— ਬ੍ਰਿਟੇਨ 'ਚ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਚੱਲ ਰਿਹਾ ਘਮਾਸਾਨ ਸ਼ਨੀਵਾਰ ਨੂੰ ਉਸ ਸਮੇਂ ਹੋਰ ਵਧ ਗਿਆ ਜਦ ਇਸ ਉੱਚ ਅਹੁਦੇ ਦੇ ਅਹਿਮ ਦਾਅਵੇਦਾਰ ਬੋਰਿਸ ਜਾਨਸਨ ਦੀ ਗਰਲਫਰੈਂਡ ਦੇ ਘਰ ਰਾਤ ਸਮੇਂ ਪੁਲਸ ਸੱਦਣੀ ਪਈ। ਇਹ ਵਿਵਾਦ ਬ੍ਰਿਟੇਨ 'ਚ ਪ੍ਰਧਾਨ ਮੰਤਰੀ ਅਹੁਦੇ ਦੀ ਦੌੜ 'ਚ ਜਾਨਸਨ ਦੇ ਅਖੀਰ ਦੋ 'ਚ ਜਗ੍ਹਾ ਬਣਾਉਣ ਦੇ ਕੁੱਝ ਘੰਟੇ ਬਾਅਦ ਹੀ ਹੋਇਆ, ਜਦਕਿ ਕੁਝ ਘੰਟੇ ਬਾਅਦ ਹੀ ਜਾਨਸਨ ਕੰਜ਼ਰਵੇਟਿਵ ਪਾਰਟੀ ਲਈ ਚੋਣ ਮੁਹਿੰਮ ਸ਼ੁਰੂ ਕਰਨ ਵਾਲੇ ਸਨ।
ਸੂਤਰਾਂ ਮੁਤਾਬਕ ਉਨ੍ਹਾਂ ਦੇ ਗੁਆਂਢੀ ਨੇ ਉਨ੍ਹਾਂ ਖਿਲਾਫ ਸ਼ਿਕਾਇਤ ਦਰਜ ਕਰਵਾਈ ਸੀ। ਮਿਲੀ ਜਾਣਕਾਰੀ ਮੁਤਾਬਕ ਬੋਰਿਸ 'ਤੇ ਉਸ ਦੀ ਗਰਲਫਰੈਂਡ ਕੈਰੀ ਸਾਈਮੰਡਸ ਨੂੰ ਕੁੱਟਣ ਦਾ ਦੋਸ਼ ਲੱਗਾ ਹੈ। 

ਉਨ੍ਹਾਂ ਦੀ ਗਰਲਫਰੈਂਡ ਦੇ ਘਰ 'ਚੋਂ ਚੀਕਣ ਅਤੇ ਕੁੱਟ-ਮਾਰ ਦੀਆਂ ਆਵਾਜ਼ਾਂ ਆਉਣ ਕਾਰਨ ਗੁਆਂਢੀ ਨੇ ਪੁਲਸ ਨੂੰ ਸੂਚਨਾ ਦਿੱਤੀ। ਸੂਤਰਾਂ ਮੁਤਾਬਕ ਕੈਰੀ ਸਾਈਮੰਡਸ ਲੰਡਨ ਦੇ ਸਾਬਕਾ ਮੇਅਰ ਜਾਨਸਨ ਨੂੰ ਇਹ ਕਹਿ ਰਹੀ ਸੀ ਕਿ ਮੇਰੇ ਕੋਲੋਂ ਦੂਰ ਹਟ ਜਾਓ, ਮੇਰੇ ਘਰ ਤੋਂ ਬਾਹਰ ਚਲੇ ਜਾਓ।
ਜ਼ਿਕਰਯੋਗ ਹੈ ਕਿ ਕੰਜ਼ਰਵੇਟਿਵ ਪਾਰਟੀ 'ਚ ਸੰਸਦ ਦੇ ਗੁਪਤ ਮਤਦਾਨ ਦੇ ਪੰਜ ਰਾਊਂਡਾਂ 'ਚ ਜਾਨਸਨ ਅਤੇ ਜੇਰੇਮੀ ਹੰਟ ਪ੍ਰਧਾਨ ਮੰਤਰੀ ਅਹੁਦੇ ਦੀ ਦੌੜ 'ਚ ਸਭ ਤੋਂ ਅੱਗੇ ਚੱਲ ਰਹੇ ਹਨ ਪਰ ਇਸ ਘਟਨਾਕ੍ਰਮ ਮਗਰੋਂ ਬ੍ਰਿਟੇਨ 'ਚ ਬੋਰਿਸ ਦੇ ਪੀ. ਐਮ. ਬਣਨ ਦੇ ਸੁਪਨਿਆਂ 'ਤੇ ਪਾਣੀ ਫਿਰਦਾ ਨਜ਼ਰ ਆ ਰਿਹਾ ਹੈ। ਬੋਰਿਸ ਤੋਂ ਜਦ ਇਸ ਮੁੱਦੇ 'ਤੇ ਜਵਾਬ ਮੰਗਿਆ ਗਿਆ ਤਾਂ ਉਨ੍ਹਾਂ ਨੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ।


Related News