ਬ੍ਰਿਟੇਨ ਦੀ ਹਥਿਆਰਬੰਦ ਫ਼ੌਜ ਨੂੰ ਅਪਗ੍ਰੇਡ ਕਰਨ ਲਈ ਮਿਲਣਗੇ 16.5 ਬਿਲੀਅਨ ਪੌਂਡ

11/19/2020 8:53:56 PM

ਗਲਾਸਗੋ/ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ)- ਬਰਤਾਨੀਆ ਦੀ ਫ਼ੌਜ ਨੂੰ ਆਧੁਨਿਕ ਤਕਨਾਲੋਜੀ ਨਾਲ ਅਪਗ੍ਰੇਡ ਕਰਨ ਲਈ ਇਕ ਭਾਰੀ ਰਾਸ਼ੀ ਜਾਰੀ ਕੀਤੀ ਜਾਵੇਗੀ। ਬੌਰਿਸ ਜੌਹਨਸਨ ਵਿਸ਼ਵ ਯੁੱਧ ਦੋ ਦੇ ਬਾਅਦ ਹੋਏ ਸ਼ੀਤ ਯੁੱਧ ਦੇ ਅੰਤ ਤੋਂ ਬਾਅਦ ਬ੍ਰਿਟੇਨ ਦੀਆਂ ਹਥਿਆਰਬੰਦ ਫ਼ੌਜ ਵਿਚ ਨਿਵੇਸ਼ ਕਰਨ ਦੇ ਸਭ ਤੋਂ ਵੱਡੇ ਪ੍ਰੋਗਰਾਮ ਵਜੋਂ ਪੇਸ਼ ਕੀਤੇ ਜਾ ਰਹੇ ਬਿੱਲ ਵਿਚ 16.5 ਬਿਲੀਅਨ ਪੌਂਡ ਦੇ ਵਾਧੇ ਦਾ ਐਲਾਨ ਕਰਨ ਵਾਲੇ ਹਨ। ਇਹ ਵੱਡੀ ਰਾਸ਼ੀ 2022 ਤੱਕ ਯੂਕੇ ਦੇ ਰਾਕੇਟ ਨੂੰ ਲਾਂਚ ਕਰਨ ਅਤੇ ਆਰਟੀਕਲ ਇੰਟੈਲੀਜੈਂਸ ਏਜੰਸੀ ਦੀ ਸਿਰਜਣਾ ਕਰਨ ਲਈ ਵੱਡਾ ਯੋਗਦਾਨ ਪਾਵੇਗੀ। 

ਇਹ ਪੈਸਾ ਲਗਭਗ ਚਾਰ ਸਾਲਾਂ ਵਿਚ ਖਰਚਿਆਂ ਜਾਵੇਗਾ ਅਤੇ ਬ੍ਰਿਟੇਨ ਵਿਚ 10,000 ਨਵੀਆਂ ਨੌਕਰੀਆਂ ਵੀ ਪੈਦਾ ਕਰੇਗਾ। ਪ੍ਰਧਾਨ ਮੰਤਰੀ ਅਨੁਸਾਰ ਅੰਤਰਰਾਸ਼ਟਰੀ ਸਥਿਤੀ ਪਹਿਲਾਂ ਨਾਲੋਂ ਵਧੇਰੇ ਹੈ ਇਸ ਲਈ ਦੇਸ਼ ਦੀ ਸਮੱਰਥਾ ਨੂੰ ਅਪਗ੍ਰੇਡ ਕਰਨ ਦੀ ਲੋੜ ਹੈ। ਇਸ ਮਕਸਦ ਲਈ ਹਥਿਆਰਬੰਦ ਫ਼ੌਜ ਨੂੰ ਬਦਲਣਾ ਜ਼ਰੂਰੀ ਹੈ। 

ਇਸ ਬਾਰੇ ਜੌਹਨਸਨ ਵੀਰਵਾਰ ਨੂੰ ਹਾਊਸ ਆਫ਼ ਕਾਮਨਜ਼ ਵਿੱਚ ਯੋਜਨਾ ਦਾ ਐਲਾਨ ਕਰਨ ਵਾਲੇ ਹਨ, ਜਿੱਥੇ ਉਹ ਸੰਸਦ ਮੈਂਬਰਾਂ ਨੂੰ ਇਸ ਬਾਰੇ ਜਾਣਕਾਰੀ ਦੇਣਗੇ ਕਿ ਇਹ ਕਦਮ ਨੌਕਰੀਆਂ ਪੈਦਾ ਕਰੇਗਾ ਅਤੇ ਅਮਰੀਕਾ ਵਰਗੇ ਸਹਿਯੋਗੀ ਦੇਸ਼ਾਂ ਨੂੰ ਇਹ ਵੀ ਦਰਸਾਏਗਾ ਕਿ ਯੂਕੇ ਇਕ ਭਰੋਸੇਮੰਦ ਸਾਥੀ ਹੈ। ਅਧਿਕਾਰੀਆਂ ਅਨੁਸਾਰ ਇਹ ਨਿਵੇਸ਼ ਯੂਰਪ ਵਿਚ ਸਭ ਤੋਂ ਵੱਡਾ ਰੱਖਿਆ ਖਰਚ ਅਤੇ ਨਾਟੋ ਵਿਚ ਦੂਸਰੇ ਸਭ ਤੋਂ ਵੱਡੇ ਦੇਸ਼ ਵਜੋਂ ਬ੍ਰਿਟੇਨ ਦੀ ਸਥਿਤੀ ਨੂੰ ਮਜ਼ਬੂਤ ​ਕਰੇਗਾ। 

ਨਵੀਂ ਪੁਲਾੜ ਕਮਾਂਡ ਦਾ ਵਾਅਦਾ ਕਰਨ ਦੇ ਨਾਲ-ਨਾਲ ਪ੍ਰਧਾਨ ਮੰਤਰੀ ਦੇਸ਼ ਨੂੰ ਹਮਲੇ ਤੋਂ ਬਚਾਉਣ ਲਈ ਰਾਸ਼ਟਰੀ ਸਾਈਬਰ ਫੋਰਸ ਦੀਆਂ ਯੋਜਨਾਵਾਂ ਵੀ ਤਿਆਰ ਕਰਨਗੇ। ਰੱਖਿਆ ਸਕੱਤਰ ਬੇਨ ਵਾਲਸ ਅਨੁਸਾਰ ਅਗਲਾ ਸਾਲ ਇਸ ਦੇਸ਼ ਲਈ ਇੱਕ ਵਿਸ਼ਾਲ ਮੌਕੇ ਦੀ ਨੁਮਾਇੰਦਗੀ ਕਰੇਗਾ ਅਤੇ ਨਾਲ ਹੀ ਨੌਕਰੀਆਂ ਅਤੇ ਕਾਰੋਬਾਰ ਦੇ ਮੌਕੇ ਪੈਦਾ ਕਰਨ ਵਿਚ ਸਭ ਤੋਂ ਅੱਗੇ ਹੋਵੇਗਾ ਜੋ ਇਸ ਕੋਰੋਨਾ ਮਹਾਮਾਰੀ ਤੋਂ ਉੱਭਰਣ ਵਿਚ ਵੀ ਮਦਦ ਕਰੇਗਾ।
 


Sanjeev

Content Editor

Related News