ਬ੍ਰਿਟੇਨ ''ਚ ਪਹਿਲੀ ਵਾਰ ਗ਼ੈਰ-ਗੋਰਾ ਮੁਸਲਿਮ ਨੌਜਵਾਨ ਬਣਿਆ ਪਾਰਟੀ ਲੀਡਰ

Sunday, Feb 28, 2021 - 05:57 PM (IST)

ਬ੍ਰਿਟੇਨ ''ਚ ਪਹਿਲੀ ਵਾਰ ਗ਼ੈਰ-ਗੋਰਾ ਮੁਸਲਿਮ ਨੌਜਵਾਨ ਬਣਿਆ ਪਾਰਟੀ ਲੀਡਰ

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਸਕਾਟਲੈਂਡ ਵਿੱਚ ਲੇਬਰ ਪਾਰਟੀ ਦੇ ਨਵੇਂ ਲੀਡਰ ਦੇ ਰੂਪ ਵਿੱਚ ਅਨਸ ਸਰਵਰ ਦਾ ਨਾਮ ਐਲਾਨਿਆ ਗਿਆ ਹੈ। ਗਲਾਸਗੋ ਦੇ ਐਮ ਐਸ ਪੀ ਅਨਸ ਸਰਵਰ ਨੇ ਲੀਡਰਸ਼ਿਪ ਦੀ ਇਸ ਦੌੜ ਵਿੱਚ ਇਕਲੌਤੀ ਉਮੀਦਵਾਰ ਮੋਨਿਕਾ ਲੈਨਨ ਨੂੰ ਹਰਾਇਆ ਹੈ। ਸਕਾਟਿਸ਼ ਲੇਬਰ ਪਾਰਟੀ ਦੇ ਪਿਛਲੇ ਲੀਡਰ ਰਿਚਰਡ ਲਿਓਨਾਰਡ ਦੁਆਰਾ ਇਸ ਅਹੁਦੇ ਤੋਂ ਅਸਤੀਫਾ ਦੇਣ ਦੇ ਬਾਅਦ ਇਹ ਮੁਕਾਬਲਾ ਸ਼ੁਰੂ ਕੀਤਾ ਗਿਆ ਸੀ। 

ਅਨਸ ਸਰਵਰ ਨੇ 6 ਮਈ ਨੂੰ ਹੋਣ ਵਾਲੀ ਸਕਾਟਿਸ਼ ਸੰਸਦ ਦੀ ਚੋਣ ਤੋਂ ਪਹਿਲਾਂ ਲੇਬਰ ਪਾਰਟੀ ਦਾ ਕਾਰਜਭਾਰ ਸੰਭਾਲਿਆ ਹੈ। ਸਰਵਰ ਜੋ ਕਿ ਯੂਕੇ ਦੀ ਇੱਕ ਵੱਡੀ ਰਾਜਨੀਤਕ ਪਾਰਟੀ ਦੇ ਪਹਿਲੇ ਗੈਰ ਗੋਰੇ ਨੇਤਾ ਹਨ, ਨੇ ਲੀਡਰਸ਼ਿਪ ਦੀ ਇਸ ਦੌੜ ਵਿੱਚ 57.6% ਵੋਟਾਂ ਪ੍ਰਾਪਤ ਕੀਤੀਆਂ, ਜਦ ਕਿ ਮੋਨਿਕਾ ਲੈਨਨ ਨੂੰ 42.4% ਵੋਟਾਂ ਪ੍ਰਾਪਤ ਹੋਈਆਂ। ਇਸ ਮੌਕੇ ਅਨਸ ਸਰਵਰ ਨੇ ਸਕਾਟਲੈਂਡ ਦੇ ਲੋਕਾਂ ਨੂੰ ਪਾਰਟੀ ਦੇ ਵਿਕਾਸ ਅਤੇ ਲੋਕ ਹਿਤੂ ਰਾਜਨੀਤੀ ਲਈ ਦਿਨ ਰਾਤ ਕੰਮ ਕਰਨ ਦਾ ਵਿਸ਼ਵਾਸ ਦਿਵਾਇਆ। 

ਪੜ੍ਹੋ ਇਹ ਅਹਿਮ ਖਬਰ- ਚੀਨ : ਰਸਾਇਨ ਫਾਈਬਰ ਪਲਾਂਟ 'ਚ ਗੈਸ ਲੀਕ, 5 ਲੋਕਾਂ ਦੀ ਮੌਤ

ਸਕਾਟਿਸ਼ ਲੇਬਰ ਪਾਰਟੀ ਦੇ ਨਵੇਂ ਚੁਣੇ ਗਏ ਨੇਤਾ ਅਨਸ ਸਰਵਰ ਨੂੰ ਪਾਰਟੀ ਦੇ ਸਾਬਕਾ ਨੇਤਾ ਲਿਓਨਾਰਡ ਤੋਂ ਇਲਾਵਾ ਫਸਟ ਮਨਿਸਟਰ ਨਿਕੋਲਾ ਸਟਰਜਨ ਅਤੇ ਹੋਰ ਲੀਡਰਾਂ ਨੇ ਵੀ ਵਧਾਈ ਦਿੱਤੀ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਕਿਸੇ ਵੀ ਵੱਡੀ ਰਾਜਨੀਤਕ ਪਾਰਟੀ ਨੇ ਗੈਰ ਗੋਰੇ ਘੱਟ ਗਿਣਤੀ ਨਸਲੀ ਸਮੂਹ ਵਿਚੋਂ ਕਿਸੇ ਨੇਤਾ ਦੀ ਚੋਣ ਨਹੀਂ ਕੀਤੀ ਸੀ, ਇਸ ਲਈ ਇੱਕ ਰਾਜਨੀਤਕ ਪਾਰਟੀ ਦਾ ਨੇਤਾ ਬਨਣਾ ਮੁਸਲਿਮ ਭਾਈਚਾਰੇ ਨਾਲ ਸੰਬੰਧਿਤ ਸਰਵਰ ਲਈ ਮਾਣ ਦੀ ਗੱਲ ਹੈ। ਇੱਥੇ ਇਹ ਵੀ ਦੱਸਣਯੋਗ ਹੈ ਕਿ ਅਨਸ ਸਰਵਰ ਪਾਕਿਸਤਾਨੀ ਪੰਜਾਬ ਦੇ ਮੌਜੂਦਾ ਗਵਰਨਰ ਤੇ ਗਲਾਸਗੋ ਤੋਂ ਲੇਬਰ ਪਾਰਟੀ ਦੇ ਸਾਬਕਾ ਮੈਂਬਰ ਪਾਰਲੀਮੈਂਟ ਚੌਧਰੀ ਮੁਹੰਮਦ ਸਰਵਰ ਦੇ ਬੇਟੇ ਹਨ।

ਨੋਟ- ਅਨਸ ਸਰਵਰ ਬਣਿਆ ਲੇਬਰ ਪਾਰਟੀ ਦਾ ਹੁਣ ਤੱਕ ਦਾ ਪਹਿਲਾ ਗ਼ੈਰ-ਗੋਰਾ ਪਾਰਟੀ ਲੀਡਰ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News