ਯੂਕੇ ਨੇ ਨਿਰਧਾਰਿਤ ਸਮੇਂ ਤੋਂ ਪਹਿਲਾਂ ਪੂਰਾ ਕੀਤਾ 15 ਮਿਲੀਅਨ ਲੋਕਾਂ ਨੂੰ ਟੀਕਾ ਲਗਾਉਣ ਦਾ ਟੀਚਾ
Monday, Feb 15, 2021 - 05:57 PM (IST)
ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ): ਯੂਕੇ ਵਿੱਚ ਕੋਰੋਨਾ ਵਾਇਰਸ ਲਾਗ ਦੀ ਬੀਮਾਰੀ ਖ਼ਿਲਾਫ਼ ਸ਼ੁਰੂ ਕੀਤੀ ਗਈ ਟੀਕਾਕਰਣ ਮੁਹਿੰਮ ਵਿੱਚ ਸਫਲਤਾ ਪ੍ਰਾਪਤ ਕਰਦਿਆਂ ਦੇਸ਼ ਨੇ 15 ਮਿਲੀਅਨ ਤੋਂ ਵੱਧ ਲੋਕਾਂ ਨੂੰ ਕੋਰੋਨਾ ਟੀਕੇ ਦੀ ਪਹਿਲੀ ਖੁਰਾਕ ਦਿੱਤੀ ਹੈ। ਯੂਕੇ ਸਰਕਾਰ ਦੁਆਰਾ 15 ਮਿਲੀਅਨ ਤੋਂ ਵੱਧ ਲੋਕਾਂ ਨੂੰ ਕੋਵਿਡ ਟੀਕੇ ਦੀ ਪਹਿਲੀ ਖੁਰਾਕ ਨਿਰਧਾਰਿਤ ਸਮੇਂ ਤੋਂ ਇੱਕ ਦਿਨ ਪਹਿਲਾਂ ਦੇਣ ਦੀ ਪੁਸ਼ਟੀ ਕੀਤੀ ਹੈ।
ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ 15 ਫਰਵਰੀ ਤੱਕ ਇਸ ਟੀਚੇ ਨੂੰ ਪੂਰਾ ਕਰਨ ਦਾ ਵਾਅਦਾ ਵੀ ਕੀਤਾ ਸੀ।ਇਸ ਦੇ ਇਲਾਵਾ ਪੰਜ ਲੱਖ ਤੋਂ ਵੱਧ ਲੋਕਾਂ ਨੂੰ ਟੀਕੇ ਦੀ ਦੂਜੀ ਖੁਰਾਕ ਵੀ ਮਿਲ ਚੁੱਕੀ ਹੈ। ਇੱਕ ਵੀਡੀਓ ਸੰਦੇਸ਼ ਵਿੱਚ ਪ੍ਰਧਾਨ ਮੰਤਰੀ ਨੇ ਇਸ ਪ੍ਰਾਪਤੀ ਦੀ ਸ਼ਲਾਘਾ ਕੀਤੀ ਹੈ, ਜਿਸ ਵਿੱਚ ਚਾਰ ਸਭ ਤੋਂ ਕਮਜ਼ੋਰ ਸਮੂਹਾਂ ਨੂੰ ਟੀਕੇ ਦੀ ਪੇਸ਼ਕਸ਼ ਕੀਤੀ ਗਈ ਹੈ। ਯੂਕੇ ਦੇ ਮੰਤਰੀ ਨਧੀਮ ਜ਼ਹਾਵੀ ਨੇ ਵੀ ਸਿਹਤ ਕਰਮਚਾਰੀਆਂ ਦੀ ਸ਼ਲਾਘਾ ਕਰਦਿਆਂ ਹਰ ਬਾਲਗ ਨੂੰ ਟੀਕਾ ਲਗਾਉਣ ਤੱਕ ਆਰਾਮ ਨਾ ਕਰਨ ਦਾ ਵਾਅਦਾ ਕੀਤਾ ਹੈ।
ਪੜ੍ਹੋ ਇਹ ਅਹਿਮ ਖਬਰ - ਕੋਵਿਡ-19 ਫਾਈਜ਼ਰ ਟੀਕੇ ਦੀ ਪਹਿਲੀ ਖੇਪ ਪਹੁੰਚੀ ਆਸਟ੍ਰੇਲੀਆ
ਟੀਕਾਕਰਣ ਮੁਹਿੰਮ ਸਰਕਾਰ ਦੇ ਪ੍ਰਮੁੱਖ ਚਾਰ ਤਰਜੀਹੀ ਸਮੂਹਾਂ ਨੂੰ ਨਿਸ਼ਾਨਾ ਬਣਾ ਰਹੀ ਹੈ, ਜਿਸ ਵਿੱਚ ਕੇਅਰ ਹੋਮ ਵਸਨੀਕ ਅਤੇ ਸਟਾਫ, ਫਰੰਟਲਾਈਨ ਹੈਲਥ ਵਰਕਰ, ਬਹੁਤ ਜ਼ਿਆਦਾ ਕਲੀਨਿਕਲ ਕਮਜ਼ੋਰ ਵਿਅਕਤੀ ਅਤੇ 70 ਸਾਲ ਤੋਂ ਵੱਧ ਉਮਰ ਦੇ ਲੋਕ ਸ਼ਾਮਿਲ ਹਨ।ਮੌਜੂਦਾ ਸਮੇਂ ਇਹਨਾਂ ਲੋਕਾਂ ਦਾ ਟੀਕਾਕਰਣ ਤਕਰੀਬਨ ਪੂਰਾ ਹੋਣ ਦੇ ਬਾਅਦ ਜਲਦੀ ਹੀ ਮੁਹਿੰਮ 50 ਸਾਲ ਤੋਂ ਵੱਧ ਉਮਰ ਦੇ ਲੋਕਾਂ ਦੇ ਨਾਲ-ਨਾਲ 16 ਅਤੇ 65 ਸਾਲ ਦੇ ਸਿਹਤ ਸਮੱਸਿਆਵਾਂ ਵਾਲੇ ਬਾਲਗਾਂ ਲਈ ਵੀ ਅੱਗੇ ਵਧੇਗੀ। ਇਸ ਹਫਤੇ ਐਨ.ਐਚ.ਐਸ. ਨੇ ਵੀ ਪੁਸ਼ਟੀ ਕੀਤੀ ਹੈ ਕਿ ਹੁਣ 65 ਤੋਂ ਵੱਧ ਉਮਰ ਦੇ ਲੋਕਾਂ ਨੂੰ ਟੀਕਾ ਲਗਵਾਉਣ ਦਾ ਮੌਕਾ ਦਿੱਤਾ ਜਾ ਰਿਹਾ ਹੈ।
ਨੋਟ- ਯੂਕੇ ਵੱਲੋਂ ਨਿਰਧਾਰਿਤ ਸਮੇਂ ਤੋਂ ਪਹਿਲਾਂ ਟੀਕਾਕਰਣ ਮੁਹਿੰਮ ਪੂਰਾ ਕਰਨ 'ਤੇ, ਕੁਮੈਂਟ ਕਰ ਦਿਓ ਰਾਏ।