ਯੂਕੇ: ਦੋ ਭਾਰਤੀਆਂ ਨੂੰ ਰਿਹਾਅ ਕਰਵਾਉਣ ਲਈ ਲੋਕਾਂ ਨੇ ਦਿਖਾਈ ਤਾਕਤ, ਪੁਲਸ ਨੇ ਮੰਨੀ ਹਾਰ (ਤਸਵੀਰਾਂ)
Friday, May 14, 2021 - 12:43 PM (IST)
ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਸੋਸ਼ਲ ਮੀਡੀਆ ਬਹੁਤ ਵੱਡੀ ਤਾਕਤ ਹੈ ਬਸ਼ਰਤੇ ਕਿ ਉਸਨੂੰ ਵਰਤਣ ਵਾਲਾ ਕਿੰਨੀ ਕੁ ਸੋਝੀ ਦਾ ਮਾਲਕ ਹੈ। ਬੀਤੇ ਦਿਨ ਗਲਾਸਗੋ ਵਿੱਚ ਸੋਸ਼ਲ ਮੀਡੀਆ ਦੀ ਸਦਵਰਤੋਂ ਦੀ ਉਦਾਹਰਣ ਉਦੋਂ ਦੇਖਣ ਨੂੰ ਮਿਲੀ ਜਦੋਂ ਇਮੀਗ੍ਰੇਸ਼ਨ ਅਧਿਕਾਰੀਆਂ ਦੀ ਧਾੜ ਨੂੰ ਗ੍ਰਿਫ਼ਤਾਰ ਕੀਤੇ ਦੋ ਭਾਰਤੀ ਜਾਅਲੀ ਪ੍ਰਵਾਸੀ ਮੁੰਡਿਆਂ ਨੂੰ ਲੋਕ-ਹੜ੍ਹ ਅੱਗੇ ਬੇਬੱਸ ਹੋ ਕੇ ਰਿਹਾਅ ਕਰਨਾ ਪਿਆ।
ਇਹ ਘਟਨਾ ਗਲਾਸਗੋ ਦੇ ਦੱਖਣ ਵਾਲੇ ਪਾਸੇ ਕੇਨਮੂਰ ਸਟ੍ਰੀਟ ਵਿੱਚ ਪੁਲਸ ਅਧਿਕਾਰੀਆਂ ਅਤੇ ਪ੍ਰਦਰਸ਼ਨਕਾਰੀਆਂ ਵਿਚਕਾਰ ਵਾਪਰੀ, ਜਿਸ ਦੌਰਾਨ ਵੀਰਵਾਰ ਨੂੰ ਸਵੇਰੇ ਲੋਕਾਂ ਨੇ ਹੋਮ ਆਫਿਸ ਦੇ ਵਾਹਨ ਦਾ ਘਿਰਾਓ ਕੀਤਾ ਜਿਸ ਵਿੱਚ ਦੋ ਪ੍ਰਵਾਸੀ ਭਾਰਤੀਆਂ ਨੂੰ ਗ੍ਰਿਫ਼ਤਾਰ ਕਰਕੇ ਰੱਖਿਆ ਗਿਆ ਸੀ। ਉਹਨ੍ਹਾਂ ਨੂੰ ਇੱਕ ਫਲੈਟ 'ਚੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਮੌਕੇ ਦੇ ਗਵਾਹਾਂ ਅਨੁਸਾਰ ਉਕਤ ਵਿਅਕਤੀਆਂ ਦੇ ਨਾਂ ਲਖਵੀਰ ਸਿੰਘ ਤੇ ਸੁਮਿਤ ਦੱਸੇ ਜਾ ਰਹੇ ਸਨ।
ਗ੍ਰਿਫ਼ਤਾਰ ਕਰਨ ਵੇਲੇ ਉਹਨਾਂ ਦੇ ਗੁਆਂਢੀ ਗੋਰੇ ਨੂੰ ਭਿਣਕ ਪਈ ਤਾਂ ਉਹ ਪੁਲਸ ਵੈਨ ਹੇਠਾਂ ਵੜ ਗਿਆ। ਇਸ ਉਪਰੰਤ ਆਸ ਪਾਸ ਦੇ ਰਿਹਾਇਸ਼ੀ ਤੇ ਕਾਰੋਬਾਰਾਂ 'ਚ ਕੰਮ ਕਰਦੇ ਲੋਕ ਇਕੱਠੇ ਹੋਣੇ ਸ਼ੁਰੂ ਹੋ ਗਏ। ਸੋਸ਼ਲ ਮੀਡੀਆ ਰਾਹੀਂ ਗੱਲ ਜੰਗਲ ਦੀ ਅੱਗ ਵਾਂਗ ਫੈਲ ਗਈ ਤੇ ਲੋਕਾਂ ਦੀ ਗਿਣਤੀ ਹਜ਼ਾਰਾਂ ਤੱਕ ਅੱਪੜ ਗਈ। ਲੋਕਾਂ ਵੱਲੋਂ "ਸਾਡੇ ਗੁਆਂਢੀਆਂ ਨੂੰ ਰਿਹਾਅ ਕਰੋ" ਦੇ ਨਾਅਰੇ ਲਾ ਕੇ ਮਾਹੌਲ ਨੂੰ ਜੋਸ਼ੀਲਾ ਬਣਾਇਆ ਜਾ ਰਿਹਾ ਸੀ। ਘੰਟਿਆਂ ਬੱਧੀ ਲੋਕ ਆਪਣੇ ਕੰਮ ਕਿੱਤੇ ਛੱਡ ਕੇ ਸੜਕ ਨੂੰ ਜਾਮ ਕਰਕੇ ਖੜ੍ਹੇ ਬੈਠੇ ਰਹੇ।
ਪੜ੍ਹੋ ਇਹ ਅਹਿਮ ਖਬਰ - ਸਕਾਟਿਸ਼ ਪਾਰਲੀਮੈਂਟ 'ਚ ਪੈਮ ਗੋਸਲ ਨੇ 'ਗੁਟਕਾ ਸਾਹਿਬ ਤੇ ਮੂਲ ਮੰਤਰ' ਦੇ ਜਾਪ ਨਾਲ ਚੁੱਕੀ ਸਹੁੰ
ਹਾਲਾਂਕਿ ਫੜ੍ਹੇ ਜਾਣ ਵਾਲੇ ਮੁੰਡੇ ਜਾਅਲੀ ਵੀ ਸਨ ਤੇ ਗੈਰ ਗੋਰੇ ਵੀ ਪਰ ਹੈਰਾਨੀਜਨਕ ਗੱਲ ਇਹ ਹੈ ਕਿ ਇਸ "ਮੁੰਡੇ ਛੁਡਾਊ ਪ੍ਰਦਰਸ਼ਨ" ਵਿੱਚ ਬਹੁਤਾਤ ਗਿਣਤੀ ਗੋਰਿਆਂ ਦੀ ਸੀ। ਲੋਕਾਂ ਦੀ ਭੁੱਖ ਤ੍ਰੇਹ ਦਾ ਖਿਆਲ ਵੀ ਲੋਕਾਂ ਵੱਲੋਂ ਖੁਦ ਹੀ ਰੱਖਦਿਆਂ ਸੈਂਡਵਿਚ, ਕੋਲਡ ਡਰਿੰਕ ਆਦਿ ਵੰਡੇ ਜਾਂਦੇ ਰਹੇ। ਲੋਕ ਏਕਤਾ ਦੀ ਤਾਕਤ ਇਸ ਕਦਰ ਬੁਲੰਦ ਹੋਈ ਕਿ ਸਕਾਟਲੈਂਡ ਦੀ ਫਸਟ ਮਨਿਸਟਰ ਸਮੇਤ ਵੱਡੇ ਵੱਡੇ ਸਿਆਸੀ ਆਗੂਆਂ ਨੂੰ ਵੀ ਇਮੀਗ੍ਰੇਸ਼ਨ ਅਧਿਕਾਰੀਆਂ ਦੀ ਇਸ ਕਾਰਵਾਈ ਖ਼ਿਲਾਫ਼ ਤੇ ਲੋਕਾਂ ਦੀਆਂ ਭਾਵਨਾਵਾਂ ਦੀ ਕਦਰ ਕਰਦੀਆਂ ਟਿੱਪਣੀਆਂ ਆਪੋ ਆਪਣੇ ਸੋਸ਼ਲ ਮੀਡੀਆ ਖਾਤਿਆਂ 'ਤੇ ਨਸ਼ਰ ਕੀਤੀਆਂ।
ਬੇਸ਼ੱਕ ਗ੍ਰਹਿ ਮੰਤਰਾਲਾ ਇਸ ਕਾਰਵਾਈ ਨੂੰ ਜਾਇਜ਼ ਦੱਸ ਰਿਹਾ ਸੀ ਪਰ ਲੋਕਾਂ ਦੀ ਏਕਤਾ ਅੱਗੇ ਸੈਂਕੜੇ ਪੁਲਸ ਅਧਿਕਾਰੀਆਂ ਦੀ ਵੀ ਇੱਕ ਨਾ ਚੱਲੀ। ਲੋਕਾਂ ਦਾ ਇਕੱਠ ਘਟਣ ਦੀ ਬਜਾਏ ਲਗਾਤਾਰ ਵੱਧਦਾ ਜਾ ਰਿਹਾ ਸੀ। ਅੰਤ ਅਧਿਕਾਰੀਆਂ ਨੂੰ ਨਮੋਸ਼ੀ ਦਾ ਸਾਹਮਣਾ ਕਰਦਿਆਂ ਦੋਵੇਂ ਨੌਜਵਾਨਾਂ ਨੂੰ ਰਿਹਾਅ ਕਰਨ ਦਾ ਫ਼ੈਸਲਾ ਲੈਣਾ ਪਿਆ। ਜਿਉਂ ਹੀ ਦੋਵੇਂ ਨੌਜਵਾਨ ਹੋਮ ਆਫਿਸ ਦੀ ਵੈਨ ਵਿੱਚੋਂ ਆਜ਼ਾਦ ਕੀਤੇ ਗਏ ਤਾਂ ਲੋਕਾਂ ਨੇ ਜੇਤੂ ਨਾਅਰਿਆਂ ਤੇ ਤਾੜੀਆਂ ਨਾਲ ਅਸਮਾਨ ਗੂੰਜਣ ਲਾ ਦਿੱਤਾ।
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।