ਯੂ. ਕੇ. : ਸਾਊਥਾਲ ’ਚ ਲੱਗੀਆਂ ਤੀਆਂ ਦੀਆਂ ਰੌਣਕਾਂ

Tuesday, Aug 17, 2021 - 10:40 PM (IST)

ਯੂ. ਕੇ. : ਸਾਊਥਾਲ ’ਚ ਲੱਗੀਆਂ ਤੀਆਂ ਦੀਆਂ ਰੌਣਕਾਂ

ਲੰਡਨ/ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)-ਲੰਡਨ ’ਚ ਬਿੱਟੂ ਦਾ ਕੈਮਰਾ ਅਤੇ ਐਕਟਿਵ ਪੰਜਾਬੀਜ਼ ਵੱਲੋਂ ਤੀਆਂ ਦੇ ਰੌਣਕ ਮੇਲੇ ਦਾ ਪ੍ਰਬੰਧ ਕੀਤਾ ਗਿਆ। ਪੰਜਾਬਣਾਂ ਦੇ ਦਿਲਾਂ ਦੇ ਵਲਵਲੇ, ਹੱਸਣ, ਨੱਚਣ ਤੇ ਟੱਪਣ ਦੇ ਚਾਅ, ਜਵਾਨ ਵੇਗਮਈ ਮਨੋਭਾਵਾਂ ਦੇ ਖੁੱਲ੍ਹੇ ਪ੍ਰਗਟਾਵੇ, ਪੰਜਾਬ ਦੇ ਵਿਰਸੇ ਦੀ ਸੰਭਾਲ਼ ਦਾ ਜਜ਼ਬਾ ਅਤੇ ਇਸ ਖ਼ਿੱਤੇ ਦੀ ਅਮੀਰ ਵਿਰਾਸਤ ਨੂੰ ਰੂਪਮਾਨ ਕਰਦਾ ਸਾਉਣ ਮਹੀਨੇ ’ਚ ਕੁੜੀਆਂ ਦੇ ਹੱਸਣ, ਨੱਚਣ ਤੇ ਟੱਪਣ ਵਾਲਾ ਗਿੱਧੇ ਦਾ ਤਿਉਹਾਰ, ਜਿਸ ਨੂੰ ਮਾਲਵੇ ਵਿੱਚ ਤੀਆਂ, ਮਾਝੇ ’ਚ ਸਾਂਵੇ ਕਹਿੰਦੇ ਹਨ, ਮਨਾਉਣ ਦਾ ਉਪਰਾਲਾ ਕੀਤਾ ਗਿਆ। ਇਸ ’ਚ ਹਰ ਉਮਰ ਦੀਆਂ ਸੁਆਣੀਆਂ ਨੇ ਵਧ-ਚੜ੍ਹ ਕੇ ਹਿੱਸਾ ਲਿਆ। ਰਵਾਇਤੀ ਹਾਸਾ-ਠੱਠਾ, ਗਿੱਧਾ ਬੋਲੀਆਂ, ਲੰਮੀ ਹੇਕ ਦੇ ਗੀਤਾਂ ਨਾਲ ਖ਼ੂਬ ਰੌਣਕਾਂ ਲੱਗੀਆਂ। ਇਸ ’ਚ ਇੰਗਲੈਂਡ ਦੇ ਵੱਖ-ਵੱਖ ਹਿੱਸਿਆਂ ਤੋਂ ਆਈਆਂ ਕੁੜੀਆਂ ਨੇ ਹਿੱਸਾ ਲਿਆ। ਸਾਉਣ ਦੇ ਛਰਾਟੇ ਵਾਂਗ ਬੋਲੀਆਂ ਦਾ ਮੀਂਹ ਵਰ੍ਹਿਆ, ਝੜੀ ਵਾਂਗੂੰ ਲਗਾਤਾਰ ਗਿੱਧੇ ’ਚ ਪੈਰ ਥਿਰਕੇ।

ਇਸ ਮੌਕੇ ਪੰਜਾਬੀ ਸਾਹਿਤ ਤੇ ਕਲਾ ਕੇਂਦਰ ਦੇ ਪ੍ਰਧਾਨ ਕੁਲਵੰਤ ਕੌਰ ਢਿੱਲੋਂ ਨੇ ਕਿਹਾ ਜਦੋਂ ਸਭ ਔਰਤਾਂ ਗਿੱਧੇ ’ਚ ਜੁੜਕੇ ਇਕਸਾਰ ਤਾੜੀਆਂ ਵਜਾਉਂਦੀਆਂ ਹਨ ਤਾਂ ਇੰਝ ਲੱਗਦਾ ਹੈ, ਜਿਵੇਂ ਹਰ ਵਰਗ ਦੀਆ ਔਰਤਾਂ ਵਿਰਸੇ ਦੀ ਸੰਭਾਲ਼ ਲਈ ਲੈਅਬੱਧ ਹੋ ਗਈਆਂ ਹੋਣ। ਦੇਸੀ ਰੇਡੀਓ ਪ੍ਰੈਜ਼ੈਂਟਰ ਪੰਮੀ, ਅਨੀਤਾ, ਅੰਨੂ, ਇੱਕ-ਦੂਜੇ ਤੋਂ ਵਧ-ਚੜ੍ਹ ਕੇ ਬੋਲੀਆਂ ਪਾ ਰਹੀਆਂ ਸਨ, ਗਾਇਕਾ ਗੁਰਮੇਲ ਸੰਘਾ ਨੇ ਆਪਣੀ ਸੁਰੀਲੀ ਆਵਾਜ਼ ਨਾਲ ਗੀਤ ਸੁਣਾਏ, ਸਾਹਿਤਕਾਰ ਮਨਜੀਤ ਪੱਡਾ, ਭਿੰਦਰ ਜਲਾਲਾਬਾਦੀ ਨੇ ਰਵਾਇਤੀ ਬੋਲੀਆਂ ਦੀ ਝੜੀ ਲਾ ਦਿੱਤੀ। ਕੁਲਦੀਪ ਕੌਰ ਕਿੱਟੀ ਨੇ ਆਪਣੇ ਗਿੱਧੇ ਅਤੇ ਬੋਲੀਆਂ ਨਾਲ ਅਜਿਹਾ ਮਾਹੌਲ ਸਿਰਜਿਆ, ਜਿਵੇਂ ਕੋਈ ਯੂਥ ਫੈਸਟੀਵਲ ਹੋ ਰਿਹਾ ਹੋਵੇ। ਮਨਜੀਤ ਕੌਰ ਸੁੰਨੜ ਨੇ ਤੀਆਂ ਦੀ ਸ਼ੁਰੂਆਤ ਕਰਦਿਆਂ ਤੀਆਂ ਦੀ ਮਹੱਤਤਾ ਬਾਰੇ ਦੱਸਿਆ। ਕੁੜੀਆਂ ਦੇ ਪਾਏ ਰਵਾਇਤੀ ਸੂਟ, ਫੁਲਕਾਰੀਆਂ, ਪਰਾਂਦੀਆਂ, ਟਿੱਕੇ, ਵੰਗਾਂ ਰੰਗ-ਬਿਰੰਗੇ ਦੁਪੱਟੇ, ਚੁੰਨੀਆਂ ਇੰਝ ਲੱਗਦਾ ਸੀ, ਜਿਵੇਂ ਪੰਜਾਬ ਇੰਗਲੈਂਡ ’ਚ ਉੱਤਰ ਆਇਆ ਹੋਵੇ, ਅੰਤ ’ਚ ਬਿੱਟੂ ਖੰਗੂੜਾ ਵੱਲੋਂ ਸਾਰਿਆਂ ਦਾ ਧੰਨਵਾਦ ਕੀਤਾ ਗਿਆ ਤੇ ਕਿਹਾ ਕਿ ਗੀਤ-ਸੰਗੀਤ ਆਪਣੀ ਵਿਰਾਸਤ ਨੂੰ ਆਉਣ ਵਾਲ਼ੀਆਂ ਪੀੜ੍ਹੀਆ ਤੱਕ ਪਹੁੰਚਾਉਣ ਦਾ ਸਭ ਤੋਂ ਕਾਰਗਰ ਹਥਿਆਰ ਹੈ। ਬੱਲੋ ਪਾਉਣ ਤੋਂ ਬਾਅਦ ਖੀਰ ਪੂੜੇ ਛਕ ਕੇ ਅਗਲੇ ਸਾਲ ਮਿਲਣ ਦਾ ਵਾਅਦਾ ਕਰ ਕੇ ਮੇਲਾ ਵਿੱਛੜ ਗਿਆ।


author

Manoj

Content Editor

Related News