ਯੂਕੇ ''ਚ 550ਵੇਂ ਪ੍ਰਕਾਸ਼ ਪੁਰਬ ਦੇ ਸ਼ੁਭ ਮੌਕੇ ''ਤੇ ਦੋ ਨੁਕੜ ਨਾਟਕਾਂ ਦਾ ਸਫਲ ਮੰਚਨ

12/03/2019 5:43:28 PM

ਲੰਡਨ (ਰਾਜਵੀਰ ਸਮਰਾ) : ਬੀਤੇ ਦਿਨ ਯੂਕੇ ਦੇ ਗੁਰਦੁਆਰਾ ਸਿੰਘ ਸਭਾ ਦੇ ਬੰਦਾ ਸਿੰਘ ਬਹਾਦਰ ਹਾਲ ਵਿਚ ਅਗੰਮ ਤੇ ਗੁਲਸ਼ਨ ਰੇਡੀਓ ਦੀ ਸਾਂਝੀ ਟੀਮ ਨੇ ਦੋ ਨੁੱਕਰ ਨਾਟਕਾਂ ਦਾ ਬਹੁਤ ਹੀ ਸਫਲ ਮੰਚਨ ਕੀਤਾ । ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸ਼ਵ ਨੂੰ ਸਮਰਪਿਤ ਆਯੋਜਿਤ ਕੀਤੇ ਗਏ ਇਸ ਬਹੁਤ ਹੀ ਪ੍ਰਭਾਵਸ਼ਾਲੀ ਸਮਾਗਮ ਵਿੱਚ ਡਰਬੀਸ਼ਾਇਰ ਤੇ ਲੈਸਟਰਸ਼ਾਇਰ ਤੋਂ ਸੰਗਤ ਨੇ ਹੁੰਮ ਹੁਮਾ ਕੇ ਬਹੁਤ ਸ਼ਰਧਾ ਤੇ ਉਤਸ਼ਾਹ ਨਾਲ ਹਿੱਸਾ ਲਿਆ । ਬਾਅਦ ਦੁਪਹਿਰ ਡੇਢ ਕੁ ਵਜੇ ਗੁਰੂ ਘਰ ਦੇ ਜਨਰਲ ਸਕੱਤਰ ਸ ਰਾਜਿੰਦਰ ਸਿੰਘ ਵੱਲੋਂ ਸਭਨਾਂ ਦਾ ਸਵਾਗਤ ਕਰਨ ਉਪਰੰਤ ਸ਼ੁਰੂ ਹੋਏ ਸਮਾਗਮ ਦੇ ਪਹਿਲੇ ਬੁਲਾਰੇ ਡਾਕਟਰ ਸਾਧੂ ਸਿੰਘ ਸਨ, ਜਿਹਨਾਂ ਨੇ ਆਪਣੀ ਸੰਖੇਪ ਤਕਰੀਰ ਵਿਚ ਹਾਲ ਵਿਚ ਨਾਟਕ ਦੇਖਣ ਲਈ ਹਾਜ਼ਰ ਛੋਟੇ-ਛੋਟੇ ਬੱਚਿਆਂ ਦੇ ਨਾਲ-ਨਾਲ ਬੀਬੀਆਂ ਭੈਣਾਂ ਦੀ ਹਾਜ਼ਰੀ ਦੀ ਭਰਪੂਰ ਪ੍ਰਸੰਸ਼ਾ ਕਰਦਿਆਂ ਕਿਹਾ ਕਿ ਅਗਲੀਆਂ ਪੀੜ੍ਹੀਆਂ ਤੱਕ ਆਪਣਾ ਵਿਰਸਾ ਪਹੰਚਾਉਣ ਲਈ ਇਹਨਾਂ ਬੱਚਿਆਂ ਦੀ ਹਾਜ਼ਰੀ ਇਸ ਤਰ੍ਹਾਂ ਦੇ ਸਮਾਗਮਾਂ ਵਿਚ ਅਤੀ ਜ਼ਰੂਰੀ ਹੈ ।

PunjabKesari

ਇਸ ਮੌਕੇ ਨਾਮਵਰ ਵਿਦਵਾਨ ਪ੍ਰੋ ਸ਼ਿੰਗਾਰਾ ਸਿੰਘ ਢਿੱਲੋਂ ਨੇ ਬੋਲਦਿਆਂ ਕਿਹਾ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਵਧਾਈ ਦੀ ਪਾਤਰ ਹੈ ਜਿਸ ਨੇ ਨੁੱਕੜ ਨਾਟਕਾਂ ਦੇ ਮਹੱਤਵ ਨੂੰ ਸਮਝਦਿਆਂ ਇਹਨਾਂ ਦੀ ਪੇਸ਼ਕਾਰੀ ਦਾ ਖ਼ਾਸ ਪ੍ਰਬੰਧ ਕੀਤਾ ਹੈ । ਉਹਨਾਂ ਨੇ ਬਾਬੇ ਨਾਨਕ ਦੇ ਪ੍ਰਕਾਸ਼ ਉਤਸ਼ਵ ਦੇ ਮੱਦੇਨਜਰ ਹਰ ਇਕ ਨੂੰ ਆਤਮ ਮੰਥਨ ਕਰਨ ਦੀ ਅਪੀਲ ਕੀਤੀ ਤਾਂ ਕਿ ਪਤਾ ਲੱਗ ਸਕੇ ਕਿ 550 ਸਾਲਾਂ ਦੇ ਲੰਮੇ ਅਰਸੇ ਵਿਚ ਅਜੇ ਅਸੀਂ ਗੁਰੂ ਨਾਨਕ ਦੇਵ ਜੀ ਦੇ ਫ਼ਲਸਫ਼ੇ 'ਤੇ ਕਿੰਨੇ ਕੁ ਖਰੇ ਉਤਰਦੇ ਹਾਂ ।ਵੁਲਵਰਹੈਮਪਟਨ ਦੇ ਗੁਲਸ਼ਨ ਰੇਡੀਓ ਦੇ ਡਾਇਰੈਕਟਰ ਗੁਲਸ਼ਨ ਢੀਂਗਰਾ ਦੀ ਨਿਰਦੇਸ਼ਨਾ ਹੇਠ ਪਹਿਲਾ ਨਾਟਕ 'ਜਿਨ ਸੱਚਾ ਪੱਲੇ ਹੋਏ'”ਤੇ ਦੂਸਰਾ 'ਇਹ ਲਹੂ ਕਿਸਦਾ ਹੈ' ਬਾਬੇ ਨਾਨਕ ਦੇ ਫ਼ਲਸਫ਼ੇ ਨੂੰ ਸਮਰਪਿਤ ਸਨ । ਜਾਤ-ਪਾਤ, ਉਚ-ਨੀਚ ਤੇ ਅਮੀਰ-ਗਰੀਬ ਦੇ ਭਿੰਨ ਭੇਦ ਤੇ ਕਰਾਰੀ ਚੋਟ ਕਰਦੇ ਸਨ । ਇਸ ਦੇ ਨਾਲ ਹੀ ਗੁਰੂ ਬਾਬਾ ਨਾਨਕ ਦੇ ਕਿਰਤ ਕਰਨ, ਵੰਡ ਛਕਣ ਤੇ ਨਾਮ ਜੱਪਣ ਦੇ ਸਿਧਾਂਤ ਦਾ ਸੁਨੇਹਾ ਵੀ ਦੇਂਦੇ ਸਨ ਤੇ ਜ਼ੁਲਮ ਅੱਗੇ ਬੇਚਾਰੇ ਬਨਣ ਦੀ ਬਜਾਏ ਜਾਲਮ ਨਾਲ ਲੋਹਾ ਵੈਣ ਦੀ ਵਜ਼ਾਹਤ ਵੀ ਕਰਦੇ ਸਨ । 

PunjabKesari

ਪੰਜਾਬੀ ਦੇ ਨਾਮਵਰ ਵਿਦਵਾਨ ਡਾਕਟਰ ਗੁਰਦਿਆਲ ਸਿੰਘ ਫੁੱਲ ਦੇ ਲਿਖੇ ਹੋਏ ਇਹਨਾਂ ਨਾਟਕਾਂ ਦਾ ਮੰਚਨ ਸੁਖਬੀਰ, ਗੁਲਸ਼ਨ ਢੀਂਗਰਾ, ਬਲਵਿੰਦਰ ਭਾਰਤੀ, ਚੰਦਰ ਮੋਹਨ ਤੇ ਸੁਖਿਵੰਦਰ ਕੌਰ ਦੀ ਰੰਗ ਮੰਚੀ ਟੀਮ ਨੇ ਇੰਝ ਕੀਤਾ ਕਿ ਦਰਸ਼ਕਾਂ ਨਾਲ ਖਚਾ ਖਚ ਭਰਿਆ ਹੋਇਆ ਹਾਲ ਪੂਰੀ ਤਰ੍ਹਾਂ ਕੀਲਿਆ ਗਿਆ । ਹਰ ਕਲਾਕਾਰ ਨੇ ਆਪੋ ਆਪਣੀ ਕਲਾ ਦੇ ਜੌਹਰ ਦਿਖਾਏ ਤੇ ਖ਼ੂਬ ਵਾਹ-ਵਾਹ ਖੱਟੀ ਜਿਸ ਕਾਰਨ ਪੂਰਾ ਹਾਲ ਵਾਰ-ਵਾਰ ਤਾੜੀਆਂ ਨਾਲ ਗੂੰਜਦਾ ਰਿਹਾ ਤੇ ਜੈਕਾਰੇ ਵੀ ਲੱਗਦੇ ਰਹੇ । ਇੱਥੇ ਇਹ ਜ਼ਿਕਰ ਕਰਨਾ ਜ਼ਰੂਰੀ ਹੈ ਕਿ ਬੇਸ਼ੱਕ ਸਭਨਾ ਕਲਾਕਾਰਾਂ ਦੀ ਪੇਸ਼ਕਾਰੀ ਲਾ ਮਿਸਾਲ ਸੀ ਪਰ ਸੁਖਬੀਰ ਬਾਠ ਦਾ ਨੰਬਰ ਇਸ ਪੱਖੋਂ ਬਹੁਤ ਉੱਪਰ ਰਿਹਾ । 

PunjabKesari

ਇਸ ਸਮਾਗਮ ਦੀ ਖਾਸ ਗੱਲ ਇਹ ਰਹੀ ਕਿ ਛੋਟੇ ਬੱਚਿਆਂ ਨੇ ਵੀ ਦੋਵੇਂ ਨਾਟਕ ਬਹੁਤ ਦਿਲਚਸਪੀ ਨਾਲ ਦੇਖੇ । ਸਮਾਪਤੀ ਵੇਲੇ ਗੁਲਸ਼ਨ ਢੀਂਗਰਾ ਨੇ ਜਿੱਥੇ ਰੰਗਕਰਮੀਆਂ ਨਾਲ ਜਾਣ ਪਹਿਚਾਣ ਕਰਵਾਈ, ਉੱਥੇ ਦਰਸ਼ਕਾਂ ਦੀ ਭਰਵੀਂ ਹਾਜ਼ਰੀ 'ਤੇ ਖ਼ੁਸ਼ੀ ਦਾ ਪ੍ਰਗਟਾਵਾ ਵੀ ਕੀਤਾ। ਨੁਕੜ ਨਾਟਕਾਂ ਦੀ ਸਮਾਪਤੀ ਉਪਰੰਤ ਸ਼ੁਖਵੀਰ, ਸੁਖਵਿੰਦਰ ਤੇ ਬਲਵਿੰਦਰ ਭਾਰਤੀ ਸਮੇਤ ਸਭਨਾ ਕਲਾਕਾਰਾਂ ਤੇ ਮਹਿਮਾਨਾਂ ਨੂੰ ਇੰਟਰਨੈਸ਼ਨਲ ਸਿੱਖ ਆਰਟ ਗੈਲਰੀ ਦਾ ਚੱਕਰ ਲੁਆਇਆ ਗਿਆ ਤੇ ਇਸ ਦੇ ਨਾਲ ਹੀ ਸਿੱਖ ਹੈਰੀਟੇਜ ਤੇ ਹੌਲੋਕਾਸਟ ਮਿਊਜ਼ੀਅਮ ਦੇ ਦਰਸ਼ਨ ਵੀ ਕਰਵਾਏ ਗਏ ਜਿਸ ਨੇ ਦੇਖ ਸਭ ਬਹੁਤ ਪ੍ਰਭਾਵਤ ਹੋਏ । ਕੁੱਲ ਮਿਲਾਕੇ ਕੱਲ੍ਹ ਡਰਬੀ ਵਿਖੇ ਖੇਡੇ ਗਏ ਦੋਵੇਂ ਨੁਕੜ ਨਾਟਕ ਯਾਦਗਾਰੀ ਪ੍ਰਭਾਵ ਛੱਡ ਗਏ । ਇਹ ਤਕਨੀਕ ਸਾਡੇ ਭਾਈਚਾਰੇ ਵਿਚ ਵੱਧ ਤੋਂ ਵੱਧ ਅਪਣਾਏ ਜਾਣ ਦੀ ਇਸ ਵੇਲੇ ਸਖ਼ਤ ਲੋੜ ਹੈ। ਗੁਰੂ ਸਿੰਘ ਸਭਾ ਗੁਰਦੁਆਰਾ ਦੀ ਪ੍ਰਬੰਧਕ ਕਮੇਟੀ ਇਸ ਬਹੁਤ ਹੀ ਨਿੱਗਰ ਤੇ ਸਫਲ ਰਹੇ ਕਾਰਜ ਲਈ ਵਧਾਈ ਦੀ ਪਾਤਰ ਹੈ ।


Vandana

Content Editor

Related News