ਯੂ. ਕੇ. : ਸਪਲਾਈ ਡਰਾਈਵਰਾਂ ਦੀ ਘਾਟ ਕਾਰਨ ਬੰਦ ਹੋ ਰਹੇ ਹਨ ਪੈਟਰੋਲ ਸਟੇਸ਼ਨ
Friday, Sep 24, 2021 - 10:10 PM (IST)
ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)-ਯੂ.ਕੇ. ’ਚ ਜ਼ਿਆਦਾਤਰ ਕਾਰੋਬਾਰਾਂ ਵੱਲੋਂ ਕਰਮਚਾਰੀਆਂ ਦੀ ਘਾਟ ਦਾ ਸਾਹਮਣਾ ਕੀਤਾ ਜਾ ਰਿਹਾ ਹੈ, ਜਿਸ ’ਚ ਟਰੱਕ ਕਾਰੋਬਾਰ ਵੀ ਸ਼ਾਮਲ ਹੈ। ਇਸ ਘਾਟ ਦੇ ਨਾਲ ਸਪਲਾਈ ਕਾਰੋਬਾਰ ਵੀ ਪ੍ਰਭਾਵਿਤ ਹੋਇਆ ਹੈ, ਜਿਸ ਦਾ ਅਸਰ ਪੈਟਰੋਲ ਪੰਪਾਂ ’ਤੇ ਵੀ ਪੈ ਰਿਹਾ ਹੈ। ਤੇਲ ਦੀ ਪੈਟਰੋਲ ਪੰਪਾਂ ਤੱਕ ਸਪਲਾਈ ਕਰਨ ਵਾਲੇ ਵਾਹਨਾਂ ਦੇ ਡਰਾਈਵਰਾਂ ਦੀ ਘਾਟ ਹੋਣ ਕਰਕੇ ਕਈ ਪੈਟਰੋਲ ਸ਼ਟੇਸ਼ਨਾਂ ਨੂੰ ਬੰਦ ਵੀ ਕੀਤਾ ਜਾ ਰਿਹਾ ਹੈ। ਈਂਧਨ ਪਹੁੰਚਾਉਣ ਲਈ ਐੱਚ. ਜੀ. ਵੀ. ਡਰਾਈਵਰਾਂ ਦੀ ਘਾਟ ਕਾਰਨ ਸਪਲਾਈ ਪ੍ਰਭਾਵਿਤ ਹੋਣ ਤੋਂ ਬਾਅਦ ਬੀ. ਪੀ. ਕੰਪਨੀ ਪਹਿਲਾਂ ਹੀ ਕਈ ਪੈਟਰੋਲ ਸਟੇਸ਼ਨਾਂ ਨੂੰ ਬੰਦ ਕਰਨ ਲਈ ਮਜਬੂਰ ਹੋ ਚੁੱਕੀ ਹੈ, ਜਦਕਿ ਐਸੋ ਪੈਟਰੋਲ ਪੰਪਾਂ ਦੀ ਗਿਣਤੀ ਵੀ ਪ੍ਰਭਾਵਿਤ ਹੋਈ ਹੈ।
ਯੂ. ਕੇ. ਦੀ ਸਭ ਤੋਂ ਵੱਡੀ ਫਿਊਲ ਲਾਜਿਸਟਿਕ ਕੰਪਨੀਆਂ ’ਚੋਂ ਇਕ ਹੋਇਰ ਅਨੁਸਾਰ ਡਰਾਈਵਰਾਂ ਦੀ ਘਾਟ ਕਾਰਨ ਉਹ ਬੀ. ਪੀ., ਐਸੋ ਅਤੇ ਸ਼ੈੱਲ ਸਮੇਤ ਬਹੁਤ ਸਾਰੇ ਗਾਹਕਾਂ ਦੀ ਤੇਲ ਸਪਲਾਈ ਨੂੰ ਪੂਰਾ ਕਰਨ ਲਈ ਸੰਘਰਸ਼ ਕਰ ਰਹੇ ਹਨ। ਬੀ. ਪੀ. ਯੂ. ਕੇ. ਦੀ ਰਿਟੇਲ ਮੁਖੀ, ਹੈਨਾ ਹੋਫਰ ਅਨੁਸਾਰ ਐਮਰਜੈਂਸੀ ਯੋਜਨਾਵਾਂ ਦੇ ਤਹਿਤ ਬੀ. ਪੀ. ਆਪਣੇ 10 ਵਿਚੋਂ 9 ਪੈਟਰੋਲ ਸਟੇਸ਼ਨਾਂ ਨੂੰ ਆਪਣੀ ਆਮ ਸੇਵਾ ਦੇ ਪੱਧਰ ਦਾ 80 ਪ੍ਰਤੀਸ਼ਤ ਮੁਹੱਈਆ ਕਰਵਾਏਗੀ ਅਤੇ ਮੋਟਰਵੇਅ ਸਟੇਸ਼ਨਾਂ ਨੂੰ ਤਰਜੀਹ ਦਿੱਤੀ ਜਾਵੇਗੀ ਅਤੇ ਆਮ ਵਾਂਗ ਮੁੜ ਚਾਲੂ ਕੀਤਾ ਜਾਵੇਗਾ।