ਲੰਡਨ ਮਗਰੋਂ ਗਲਾਸਗੋ ਨੇ ਕੀਤੇ ਸਭ ਤੋਂ ਵੱਧ ਪਾਰਕਿੰਗ ਜੁਰਮਾਨੇ, ਕਮਾਏ ਸਾਢੇ ਪੰਜ ਮਿਲੀਅਨ ਪੌਂਡ
Tuesday, Jan 19, 2021 - 02:00 PM (IST)
ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਸਕਾਟਲੈਂਡ ਦੇ ਸ਼ਹਿਰ ਗਲਾਸਗੋ ਦਾ ਨਾਮ ਯੂਕੇ ਵਿੱਚ ਸਭ ਤੋਂ ਵੱਧ ਵਾਹਨ ਪਾਰਕਿੰਗ ਸੰਬੰਧੀ ਜੁਰਮਾਨੇ ਵਸੂਲਣ ਵਾਲੇ ਸ਼ਹਿਰਾਂ ਵਿੱਚ ਅੱਗੇ ਆਇਆ ਹੈ। ਇਸ ਮਾਮਲੇ ਵਿੱਚ ਲੰਡਨ ਪਹਿਲੇ ਸਥਾਨ 'ਤੇ ਆਉਂਦਾ ਹੈ। ਦੇਸ਼ ਦੀ ਰਾਜਧਾਨੀ ਲੰਡਨ ਦੁਨੀਆ ਦੇ ਰੁਝੇਵੇਂ ਭਰੇ ਸ਼ਹਿਰਾਂ ਵਿੱਚੋਂ ਇੱਕ ਹੈ। ਹਰ ਸਾਲ 4 ਮਿਲੀਅਨ ਪੌਂਡ ਤੋਂ ਵੱਧ ਰਾਸ਼ੀ ਪਾਰਕਿੰਗ ਜੁਰਮਾਨੇ ਦੇ ਤੌਰ 'ਤੇ ਇਕੱਠੀ ਹੁੰਦੀ ਹੈ ਜਦਕਿ ਇਸ ਸੰਬੰਧੀ ਇੱਕ ਖੋਜ ਅਨੁਸਾਰ ਗਲਾਸਗੋ ਸਿਟੀ ਕੌਂਸਲ ਨੇ ਲੰਡਨ ਤੋਂ ਬਾਹਰ ਬਰਤਾਨੀਆ ਦੇ ਦੂਸਰੇ ਸ਼ਹਿਰਾਂ ਨਾਲੋਂ ਪਾਰਕਿੰਗ ਟਿਕਟਾਂ ਦੀ ਆਮਦਨੀ ਵਿੱਚ ਵਧੇਰੇ ਵਾਧਾ ਕੀਤਾ ਹੈ।
ਪੜ੍ਹੋ ਇਹ ਅਹਿਮ ਖਬਰ- ਸਹੁੰ ਚੁੱਕਦੇ ਹੀ ਬਾਈਡੇਨ ਪ੍ਰਵਾਸੀਆਂ ਨੂੰ ਦੇਣਗੇ ਤੋਹਫਾ, ਕਰੋੜਾਂ ਲੋਕਾਂ ਨੂੰ ਮਿਲ ਸਕਦੀ ਹੈ ਨਾਗਰਿਕਤਾ
ਇਸ ਬਾਰੇ ਕੀਤੇ ਅਧਿਐਨ ਦੇ ਅਨੁਸਾਰ ਗਲਾਸਗੋ ਸਿਟੀ ਕੌਂਸਲ ਨੇ ਪਿਛਲੇ ਸਾਲ ਦੌਰਾਨ ਤਕਰੀਬਨ 104,938 ਪਾਰਕਿੰਗ ਜੁਰਮਾਨੇ ਜਾਰੀ ਕਰਕੇ ਲੱਗਭਗ 5.5 ਮਿਲੀਅਨ ਪੌਂਡ ਜੁਰਮਾਨੇ ਦੇ ਰੂਪ ਵਿੱਚ ਇਕੱਠੇ ਕੀਤੇ ਹਨ ਜੋ ਕਿ ਇਸ ਸ਼ਹਿਰ ਨੂੰ ਬਰਮਿੰਘਮ 3.95 ਮਿਲੀਅਨ, ਲਿਵਰਪੂਲ 2.5 ਮਿਲੀਅਨ ਅਤੇ ਨਿਊਕੈਸਲ 1.9 ਮਿਲੀਅਨ ਪੌਂਡ ਦੇ ਕੀਤੇ ਜੁਰਮਾਨੇ ਨਾਲੋਂ ਕਾਫ਼ੀ ਅੱਗੇ ਰੱਖਦੇ ਹਨ। ਇਸ ਤੋਂ ਇਲਾਵਾ ਗਲਾਸਗੋ ਵਿੱਚ ਔਸਤਨ ਜੁਰਮਾਨਾ 52.27 ਪੌਂਡ ਸੀ, ਜੋ ਕਿ 37 ਪੌਂਡ ਦੀ ਰਾਸ਼ਟਰੀ ਔਸਤ ਤੋਂ ਬਹੁਤ ਜ਼ਿਆਦਾ ਹੈ। ਇਸ ਮਾਮਲੇ ਵਿੱਚ ਗਲਾਸਗੋ ਦੀ ਵੈਲਿੰਗਟਨ ਸਟ੍ਰੀਟ 'ਤੇ ਹੋਰ ਕਿਸੇ ਵੀ ਖੇਤਰ ਨਾਲੋਂ ਜ਼ਿਆਦਾ ਜ਼ੁਰਮਾਨਾ ਟਿਕਟਾਂ ਦਿੱਤੀਆਂ ਗਈਆਂ ਹਨ।
ਗਲਾਸਗੋ ਦੇ ਜ਼ੁਰਮਾਨੇ ਦੇ ਅੰਕੜਿਆਂ ਸੰਬੰਧੀ ਸਿਟੀ ਕੌਂਸਲ ਦੇ ਬੁਲਾਰੇ ਅਨੁਸਾਰ ਪਾਰਕਿੰਗ ਪਾਬੰਦੀਆਂ ਸੜਕਾਂ ਦੇ ਨੈਟਵਰਕ ਦਾ ਪ੍ਰਬੰਧਨ ਅਤੇ ਟ੍ਰੈਫਿਕ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਜਰੂਰੀ ਹਨ ਅਤੇ ਪਾਰਕਿੰਗ ਅਟੈਂਡੈਂਟ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਹੋਣ 'ਤੇ ਹੀ ਜ਼ੁਰਮਾਨੇ ਦੇ ਨੋਟਿਸ ਜਾਰੀ ਕਰ ਸਕਦੇ ਹਨ। ਇਸ ਦੇ ਇਲਾਵਾ ਅਧਿਕਾਰੀਆਂ ਅਨੁਸਾਰ 14 ਦਿਨਾਂ ਦੇ ਅੰਦਰ ਜ਼ੁਰਮਾਨਾ ਅਦਾ ਕਰਨ 'ਤੇ ਇਸ ਵਿੱਚ 30 ਪੌਂਡ ਤੱਕ ਦੀ ਕਟੌਤੀ ਕੀਤੀ ਜਾ ਸਕਦੀ ਹੈ।
ਨੋਟ- ਉਕਤ ਖ਼ਬਰ ਬਾਰੇ ਦੱਸੋ ਆਪਣੀ ਰਾਏ।