ਯੂਕੇ: ਐਮਰਜੈਂਸੀ ਵੀਜ਼ਾ ਯੋਜਨਾ ਤਹਿਤ ਸਿਰਫ਼ 27 ਟੈਂਕਰ ਚਾਲਕਾਂ ਨੇ ਕੀਤਾ ਅਪਲਾਈ

Tuesday, Oct 05, 2021 - 04:29 PM (IST)

ਯੂਕੇ: ਐਮਰਜੈਂਸੀ ਵੀਜ਼ਾ ਯੋਜਨਾ ਤਹਿਤ ਸਿਰਫ਼ 27 ਟੈਂਕਰ ਚਾਲਕਾਂ ਨੇ ਕੀਤਾ ਅਪਲਾਈ

ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)- ਯੂਕੇ ਸਰਕਾਰ ਨੇ ਐੱਚ. ਜੀ. ਵੀ. ਡਰਾਈਵਰਾਂ ਦੀ ਘਾਟ ਨੂੰ ਪੂਰਾ ਕਰਨ ਲਈ ਐਮਰਜੈਂਸੀ ਵੀਜਾ ਯੋਜਨਾ ਸ਼ੁਰੂ ਕੀਤੀ ਹੈ, ਜਿਸ ਨਾਲ ਦੇਸ਼ ਵਿਚ ਪੈਦਾ ਹੋਏ ਤੇਲ ਸਪਲਾਈ ਦੇ ਸੰਕਟ ਨਾਲ ਨਜਿੱਠਿਆ ਜਾ ਸਕੇ ਪਰ ਇਸ ਸਬੰਧ ਵਿਚ ਸਾਹਮਣੇ ਆਈਆਂ ਰਿਪੋਰਟਾਂ ਅਨੁਸਾਰ ਸਿਰਫ਼ 27 ਫਿਊਲ ਟੈਂਕਰ ਡਰਾਈਵਰਾਂ ਨੇ ਸਰਕਾਰ ਦੀ ਐਮਰਜੈਂਸੀ ਵੀਜ਼ਾ ਸਕੀਮ ਰਾਹੀਂ ਯੂਰਪੀਅਨ ਯੂਨੀਅਨ ਤੋਂ ਯੂਕੇ ਵਿਚ ਕੰਮ ਕਰਨ ਲਈ ਅਰਜ਼ੀ ਦਿੱਤੀ ਹੈ।

ਇਕ ਰਿਪੋਰਟ ਅਨੁਸਾਰ ਤੇਲ ਉਦਯੋਗ ਵਿਚ ਐੱਚ. ਜੀ. ਵੀ. ਡਰਾਈਵਰਾਂ ਲਈ ਉਪਲੱਬਧ ਵੀਜ਼ਾ ਯੋਜਨਾ ਵਿਚ ਯੂਰਪੀਅਨ ਡਰਾਈਵਰਾਂ ਦੀ ਬਹੁਤ ਘੱਟ ਦਿਲਚਸਪੀ ਹੈ। ਪਿਛਲੇ ਦਿਨੀਂ ਸਰਕਾਰ ਨੇ ਘੋਸ਼ਣਾ ਕੀਤੀ ਸੀ ਕਿ 300 ਟੈਂਕਰ ਡਰਾਈਵਰਾਂ ਨੂੰ ਤੁਰੰਤ ਯੂਕੇ ਆਉਣ ਅਤੇ ਮਾਰਚ ਤੱਕ ਰਹਿਣ ਦੀ ਇਜਾਜ਼ਤ ਦਿੱਤੀ ਜਾਵੇਗੀ, ਜਦੋਂ ਕਿ ਵਿਦੇਸ਼ੀ ਫੂਡ ਟਰੱਕ ਡਰਾਈਵਰਾਂ ਲਈ ਹੋਰ 4,700 ਵੀਜ਼ਾ ਇਸ ਮਹੀਨੇ ਦੇ ਅਖ਼ੀਰ ਤੱਕ ਦਿੱਤੇ ਜਾਣਗੇ। ਜਦਕਿ ਹੁਣ ਤੱਕ ਇੰਨੀ ਘੱਟ ਗਿਣਤੀ ਵਿਚ ਡਰਾਈਵਰਾਂ ਵੱਲੋਂ ਅਰਜ਼ੀ ਦੇਣ ਕਰਕੇ ਸਰਕਾਰ ਨੂੰ ਚਿੰਤਾ ਹੈ ਕਿ ਡਰਾਈਵਰਾਂ ਦੀ ਭਰਤੀ ਵਿਚ ਅਸਫ਼ਲਤਾ ਸਰਵਿਸ ਸਟੇਸ਼ਨਾਂ ਨੂੰ ਮੁੜ ਚਾਲੂ ਕਰਨ ਵਿਚ ਹੋਰ ਦੇਰੀ ਦਾ ਕਾਰਨ ਬਣੇਗੀ ਅਤੇ ਸਰਕਾਰ ਨੂੰ ਲੰਮੇ ਸਮੇਂ ਤੱਕ ਸਹਾਇਤਾ ਲਈ ਫ਼ੌਜ 'ਤੇ ਨਿਰਭਰ ਰਹਿਣ ਦੀ ਜ਼ਰੂਰਤ ਹੋਵੇਗੀ।


author

cherry

Content Editor

Related News