ਯੂਕੇ: NRI ਏਕਤਾ ਸੰਸਥਾ ਰਾਹੀਂ ਪ੍ਰਵਾਸੀ ਪੰਜਾਬੀਆਂ ਦੇ ਮੁੱਦੇ ਉਭਾਰਾਂਗੇ- ਅਵਤਾਰ ਸਿੰਘ

12/21/2021 3:43:02 AM

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ) - "ਪ੍ਰਦੇਸ਼ਾਂ 'ਚ ਵਸਦੇ ਪੰਜਾਬੀਆਂ ਦੀ ਸਾਹ ਰਗ ਪੰਜਾਬ ਦੀ ਧਰਤੀ ਨਾਲ ਹਮੇਸ਼ਾ ਜੁੜੀ ਰਹੇਗੀ। ਮਾਪੇ, ਘਰ ਪਰਿਵਾਰ, ਜ਼ਮੀਨ ਜਾਇਦਾਦ ਹਰ ਪ੍ਰਵਾਸੀ ਨੂੰ ਮੱਲੋਮੱਲੀ ਖਿੱਚ ਕੇ ਪੰਜਾਬ ਲੈ ਜਾਂਦੀ ਹੈ ਪਰ ਬੜੇ ਦੁੱਖ ਦੀ ਗੱਲ ਹੈ ਕਿ ਆਪਣੇ ਨਿੱਜ ਤੋਂ ਪਹਿਲਾਂ ਆਪਣੀ ਮਾਤ ਭੂਮੀ ਦੀ ਸੁੱਖ ਲੋੜਦੇ ਪ੍ਰਵਾਸੀ ਪੰਜਾਬੀਆਂ ਨੂੰ ਅਨੇਕਾਂ ਦੁਸ਼ਵਾਰੀਆਂ ਝੱਲਣੀਆਂ ਪੈਂਦੀਆਂ ਹਨ। ਅਨੇਕਾਂ ਮਸਲਿਆਂ ਵਿੱਚ ਹੁੰਦੀ ਖੱਜਲ ਖੁਆਰੀ ਆਪਣੀ ਹੀ ਮਾਤ ਭੂਮੀ ਨਾਲੋਂ ਮੋਹ ਭੰਗ ਹੋਣ ਦਾ ਕਾਰਨ ਬਣਦੀ ਹੈ। ਇਨ੍ਹਾਂ ਮੁਸ਼ਕਿਲਾਂ ਦੇ ਸਾਂਝੇ ਹੱਲ ਲਈ ਹੀ ਅਸੀਂ ਐੱਨ.ਆਰ.ਆਈ. ਏਕਤਾ ਨਾਮ ਦੀ ਸੰਸਥਾ ਦਾ ਗਠਨ ਕੀਤਾ ਹੈ।"

ਉਕਤ ਵਿਚਾਰਾਂ ਦਾ ਪ੍ਰਗਟਾਵਾ ਇਸ ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ ਐੱਨ.ਆਰ.ਆਈ. ਏਕਤਾ ਸੰਸਥਾ ਦੇ ਬਾਨੀ ਸੰਚਾਲਕ ਅਵਤਾਰ ਸਿੰਘ ਨੇ ਕੀਤਾ। ਉਨ੍ਹਾਂ ਬਹੁਤ ਹੀ ਭਰੋਸੇ ਨਾਲ ਕਿਹਾ ਕਿ ਵਿਦੇਸ਼ਾਂ 'ਚ ਵਸਦੇ ਪੰਜਾਬੀਆਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਇਸ ਸੰਸਥਾ ਨੂੰ ਮੰਚ ਵਜੋਂ ਤਿਆਰ ਕੀਤਾ ਗਿਆ ਹੈ ਅਤੇ ਪੰਜਾਬ ਸਰਕਾਰ ਨਾਲ ਲਗਾਤਾਰ ਰਾਬਤਾ ਵੀ ਬਣਾਇਆ ਹੋਇਆ ਹੈ। ਅਵਤਾਰ ਸਿੰਘ ਦਾ ਕਹਿਣਾ ਹੈ ਕਿ ਐੱਨ.ਆਰ.ਆਈ. ਭਰਾਵਾਂ ਦੀ ਏਕਤਾ ਹੋਣੀ ਵੀ ਸਮੇਂ ਦੀ ਮੁੱਖ ਮੰਗ ਹੈ। ਜੇਕਰ ਅਸੀਂ ਖੁਦ ਇੱਕਮੁੱਠ ਹੋ ਕੇ ਆਪਣੇ ਦੁੱਖ ਦਰਦ ਸਾਂਝੇ ਮੰਚ ਰਾਹੀਂ ਸਰਕਾਰ ਦੇ ਧਿਆਨ 'ਚ ਲਿਆਵਾਂਗੇ ਤਾਂ ਹੀ ਉਨ੍ਹਾਂ ਦਾ ਕੋਈ ਸਾਰਥਿਕ ਹੱਲ ਨਿੱਕਲ ਸਕਦਾ ਹੈ।

ਅਵਤਾਰ ਸਿੰਘ ਦਾ ਕਹਿਣਾ ਹੈ ਕਿ ਐੱਨ.ਆਰ.ਆਈ. ਏਕਤਾ ਸੰਸਥਾ ਦਾ ਮੁਢਲਾ ਢਾਂਚਾ ਬਰਤਾਨੀਆ ਦੀ ਧਰਤੀ 'ਤੇ ਤਿਆਰ ਕੀਤਾ ਜਾ ਚੁੱਕਾ ਹੈ ਅਤੇ ਬਹੁਤ ਜਲਦੀ ਹੀ ਯੂਰੋਪ ਭਰ ਵਿੱਚ ਇਕਾਈਆਂ ਸਥਾਪਿਤ ਕਰਨ ਦੀ ਮੁਹਿੰਮ ਵੀ ਵਿੱਢੀ ਜਾਵੇਗੀ। ਉਨ੍ਹਾਂ ਕਿਹਾ ਕਿ ਮੁੱਢਲੇ ਦੌਰ ਵਿੱਚ ਹੀ ਸੰਸਥਾ ਨੂੰ ਬਹੁਤ ਵੱਡਾ ਹੁੰਗਾਰਾ ਮਿਲ ਰਿਹਾ ਹੈ। ਪੰਜਾਬ ਸਰਕਾਰ ਨਾਲ ਗੱਲਬਾਤ ਦਾ ਦੌਰ ਚੱਲ ਰਿਹਾ ਹੈ ਅਤੇ ਰੂਪ ਰੇਖਾ ਉਲੀਕ ਕੇ ਸਰਕਾਰ ਨੂੰ ਤੁਰੰਤ ਪ੍ਰਵਾਸੀ ਪੰਜਾਬੀਆਂ ਦੀਆਂ ਸਮੱਸਿਆਵਾਂ ਦਾ ਸਾਰਥਿਕ, ਸੌਖਾ ਤੇ ਜਲਦ ਹੱਲ ਕੱਢਣ ਦੀ ਪ੍ਰਕਿਰਿਆ ਬਣਾਉਣ ਦੀ ਬੇਨਤੀ ਕੀਤੀ ਜਾਵੇਗੀ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਾਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


Inder Prajapati

Content Editor

Related News