ਯੂ. ਕੇ. : ਕੋਰੋਨਾ ਦੌਰਾਨ ਸੈਂਕੜੇ ਵਿਦਿਆਰਥੀਆਂ ਨੂੰ ਯੂਨੀਵਰਸਿਟੀਆਂ ਦੀ ਰਿਹਾਇਸ਼ ਛੱਡਣ ਲਈ ਹੋਏ ਨੋਟਿਸ ਜਾਰੀ

Thursday, Sep 30, 2021 - 06:32 PM (IST)

ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)-ਯੂ. ਕੇ. ’ਚ ਪਿਛਲੇ ਸਾਲ ਕੋਰੋਨਾ ਮਹਾਮਾਰੀ ਦੌਰਾਨ ਸੈਂਕੜੇ ਵਿਦਿਆਰਥੀਆਂ ਨੂੰ ਯੂਨੀਵਰਸਿਟੀਆਂ ਦੀ ਰਿਹਾਇਸ਼ ਛੱਡਣ ਲਈ ਨੋਟਿਸ ਜਾਰੀ ਕੀਤੇ ਗਏ। ਇਸ ਸਬੰਧ ਵਿਚ ‘ਫਰੀਡਮ ਆਫ ਇਨਫਰਮੇਸ਼ਨ’ ਦੀ ਬੇਨਤੀ ਰਾਹੀਂ ਸਾਹਮਣੇ ਆਈ ਜਾਣਕਾਰੀ ਅਨੁਸਾਰ ਪਿਛਲੇ ਵਿੱਦਿਅਕ ਵਰ੍ਹੇ ਦੌਰਾਨ 340 ਤੋਂ ਵੱਧ ਵਿਦਿਆਰਥੀਆਂ ਨੂੰ ‘ਨੋਟਿਸ ਟੂ ਕੁਇੱਟ’ (ਐੱਨ. ਟੀ. ਕਿਊ.) ਰਾਹੀਂ ਆਪਣੀ ਰਿਹਾਇਸ਼ ਛੱਡਣ ਲਈ ਕਿਹਾ ਗਿਆ। ਇਸ ਨੋਟਿਸ ਤਹਿਤ ਵਿਦਿਆਰਥੀਆਂ ਨੂੰ ਇਕ ਨਿਸ਼ਚਿਤ ਸਮੇਂ ’ਚ ਵੱਖ-ਵੱਖ ਕਾਰਨਾਂ ਕਰਕੇ ਰਿਹਾਇਸ਼ ਛੱਡਣ ਲਈ ਕਿਹਾ ਗਿਆ, ਜਿਨ੍ਹਾਂ ’ਚ ਕੋਵਿਡ ਦਿਸ਼ਾ-ਨਿਰਦੇਸ਼ਾਂ ਦੀ ਉਲੰਘਣਾ, ਨਸ਼ੇ ਵਾਲੇ ਪਦਾਰਥਾਂ ਨਾਲ ਸਬੰਧਤ ਅਪਰਾਧਾਂ, ਕਿਰਾਏ ਦਾ ਭੁਗਤਾਨ ਅਤੇ ਸ਼ੋਰ ਆਦਿ ਦੇ ਮੁੱਦੇ ਸ਼ਾਮਲ ਸਨ। ਜਾਣਕਾਰੀ ਅਨੁਸਾਰ ਘੱਟੋ-ਘੱਟ 42 ਯੂਨੀਵਰਸਿਟੀਆਂ ਨੇ 2020-2021 ਵਿੱਦਿਅਕ ਸਾਲ ਦੌਰਾਨ ਵਿਦਿਆਰਥੀਆਂ ਨੂੰ ਐੱਨ. ਟੀ. ਕਿਊ. ਜਾਰੀ ਕੀਤੇ, ਜਿਸ ’ਚ ਇਸ ਸਾਲ ਦੀ ਰਾਸ਼ਟਰੀ ਤਾਲਾਬੰਦੀ ਵੀ ਸ਼ਾਮਲ ਹੈ।

ਬਹੁਤ ਸਾਰੇ ਵਿਦਿਆਰਥੀਆਂ ਨੇ ਐੱਨ. ਟੀ. ਕਿਊ. ਵੱਲੋਂ ਨਿਰਧਾਰਤ ਸਮੇਂ ਦੇ ਅੰਦਰ ਆਪਣੀ ਰਿਹਾਇਸ਼ ਖਾਲੀ ਕਰ ਦਿੱਤੀ, ਜੋ ਕੁਝ ਮਾਮਲਿਆਂ ’ਚ ਇਕ ਮਹੀਨਾ ਸੀ। 'ਫਰੀਡਮ ਆਫ ਇਨਫਰਮੇਸ਼ਨ' ਦੇ ਅਨੁਸਾਰ ਐਡਿਨਬਰਾ ਨੇਪੀਅਰ ਯੂਨੀਵਰਸਿਟੀ ਨੇ ਪਿਛਲੇ ਵਿੱਦਿਅਕ ਸਾਲ ਦੀ ਸ਼ੁਰੂਆਤ ਤੋਂ ਲੈ ਕੇ ਮਈ ਤੱਕ 40 ਵਿਦਿਆਰਥੀਆਂ ਨੂੰ ਐੱਨ. ਟੀ. ਕਿਊ. ਦਿੱਤੇ ਅਤੇ ਗ੍ਰੀਨਵਿਚ ਯੂਨੀਵਰਸਿਟੀ ਨੇ ਫਰਵਰੀ ’ਚ ਕਿਰਾਏ ਦੇ ਬਕਾਏ ਲਈ 68 ਨੋਟਿਸ ਜਾਰੀ ਕੀਤੇ। ਇਨ੍ਹਾਂ ’ਚੋਂ ਬਹੁਤ ਸਾਰੇ ਵਿਦਿਆਰਥੀਆਂ ਵੱਲੋਂ ਬਕਾਇਆ ਕਿਰਾਇਆ ਮਿਲਣ ਤੋਂ ਬਾਅਦ ਕੁਝ ਨੋਟਿਸ ਰੱਦ ਵੀ ਕੀਤੇ ਗਏ। ਇਨ੍ਹਾਂ ਤੋਂ ਇਲਾਵਾ ਹੋਰ ਵੀ ਕਈ ਪ੍ਰਮੁੱਖ ਯੂਨੀਵਰਸਿਟੀਆਂ ਵੱਲੋਂ ਇਸ ਤਰ੍ਹਾਂ ਦੇ ਨੋਟਿਸ ਵਿਦਿਆਰਥੀਆਂ ਨੂੰ ਮਹਾਮਾਰੀ ਦੌਰਾਨ ਜਾਰੀ ਕੀਤੇ ਗਏ। ਯੂਨੀਵਰਸਿਟੀਆਂ ਦੀ ਮਹਾਮਾਰੀ ਦੌਰਾਨ ਇਸ ਕਾਰਵਾਈ ਨੂੰ ਕੁਝ ਵਿਦਿਆਰਥੀ ਯੂਨੀਅਨਾਂ ਵੱਲੋਂ ਨਿਰਾਸ਼ਾਜਨਕ ਦੱਸਿਆ ਗਿਆ ਹੈ।


Manoj

Content Editor

Related News