ਯੂਕੇ: ਪਲਿਮਥ ਗੋਲੀਕਾਂਡ ਦੇ ਸਥਾਨ ''ਤੇ ਸੈਂਕੜੇ ਲੋਕਾਂ ਨੇ ਮ੍ਰਿਤਕਾਂ ਨੂੰ ਦਿੱਤੀ ਸ਼ਰਧਾਂਜਲੀ
Sunday, Aug 15, 2021 - 03:29 PM (IST)
ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ): ਯੂਕੇ ਦੇ ਪਲਿਮਥ ਵਿੱਚ ਪਿਛਲੇ ਦਿਨੀਂ ਇੱਕ ਵਿਅਕਤੀ ਵੱਲੋਂ ਗੋਲੀਬਾਰੀ ਕਰਕੇ ਛੋਟੀ ਬੱਚੀ ਸਮੇਤ ਪੰਜ ਜਾਣਿਆਂ ਨੂੰ ਜਾਨੋਂ ਮਾਰ ਦਿੱਤਾ ਗਿਆ ਸੀ। ਇਹਨਾਂ ਮ੍ਰਿਤਕ ਲੋਕਾਂ ਨੂੰ ਘਟਨਾ ਸਥਾਨ 'ਤੇ ਇਕੱਠੇ ਹੋਏ ਸੈਕੜੇ ਲੋਕਾਂ ਦੁਆਰਾ ਵੱਖ ਵੱਖ ਤਰੀਕਿਆਂ ਨਾਲ ਸ਼ਰਧਾਂਜਲੀ ਭੇਂਟ ਕੀਤੀ ਗਈ।
ਪਲਿਮਥ ਦਾ ਕੀਹੈਮ ਖੇਤਰ ਜਿੱਥੇ ਗੋਲੀਬਾਰੀ ਹੋਈ ਸੀ, ਵਿੱਚ ਦਰਜਨਾਂ ਫੁੱਲਾਂ ਦੇ ਗੁਲਦਸਤੇ ਲਿਡਲ ਸੁਪਰਮਾਰਕੀਟ ਦੇ ਬਾਹਰ ਲੋਕਾਂ ਦੁਆਰਾ ਰੱਖੇ ਗਏ। ਹਮਲੇ ਵਿੱਚ ਮਰਨ ਵਾਲੇ ਮੈਕਸਿਨ ਡੇਵਿਸਨ, ਲੀ ਮਾਰਟਿਨ, ਸੋਫੀ ਮਾਰਟਿਨ, ਕੇਟ ਸ਼ੇਫਰਡ ਅਤੇ ਸਟੀਫਨ ਵਾਸ਼ਿੰਗਟਨ ਪੰਜਾਂ ਪੀੜਤਾਂ ਦੇ ਨਾਮਾਂ ਵਾਲੇ ਹਰੇ ਦਿਲ ਦੇ ਆਕਾਰ ਦੇ ਗੁਬਾਰੇ ਵੀ ਨੇੜਲੀ ਰੇਲਿੰਗ ਨਾਲ ਬੰਨ੍ਹੇ ਗਏ। ਇਸਦੇ ਨਾਲ ਹੀ ਨੇੜਲੇ ਨੌਰਥ ਡਾਰੈਸਨ ਕ੍ਰਿਸੈਂਟ ਪਾਰਕ ਵਿੱਚ ਸੋਗ ਮਨਾਉਣ ਵਾਲਿਆਂ ਦੁਆਰਾ ਹੋਰ ਫੁੱਲ ਵੀ ਭੇਂਟ ਕੀਤੇ, ਜਿੱਥੇ ਸ਼ੁੱਕਰਵਾਰ ਦੀ ਸ਼ਾਮ ਸੈਂਕੜੇ ਲੋਕਾਂ ਨੇ ਮੋਮਬੱਤੀ ਜਗਾ ਕੇ ਮ੍ਰਿਤਕਾਂ ਨੂੰ ਯਾਦ ਕੀਤਾ।
ਪੜ੍ਹੋ ਇਹ ਅਹਿਮ ਖਬਰ - ਲੰਡਨ : ਸਕੂਲੀ ਵਿਦਿਆਰਥਣ ਦਾ ਜਿਨਸੀ ਸ਼ੋਸ਼ਣ ਕਰਨ ਵਾਲੇ ਵਿਅਕਤੀ ਨੂੰ 20 ਸਾਲ ਦੀ ਜੇਲ੍ਹ
ਯੂਕੇ ਦੀ ਗ੍ਰਹਿ ਸਕੱਤਰ ਪ੍ਰੀਤੀ ਪਟੇਲ ਨੇ ਡੇਵੋਨ ਅਤੇ ਕੋਰਨਵਾਲ ਪੁਲਿਸ ਚੀਫ ਕਾਂਸਟੇਬਲ ਸ਼ਾਨ ਸੌਅਰ ਦੇ ਨਾਲ ਸ਼ਾਮਲ ਹੋ ਕੇ ਸ਼ਨੀਵਾਰ ਦੁਪਹਿਰ ਨੂੰ ਪਾਰਕ ਵਿੱਚ ਫੁੱਲਾਂ ਦਾ ਗੁਲਦਸਤਾ ਰੱਖਦਿਆਂ ਮ੍ਰਿਤਕਾਂ ਨੂੰ ਸ਼ਰਧਾਂਜਲੀ ਦਿੱਤੀ ਅਤੇ ਇਸ ਘਟਨਾ ਨੂੰ ਦੁਖਦਾਈ ਦੱਸਿਆ। ਇਸ ਘਟਨਾ ਦੇ ਸਬੰਧ 'ਚ ਇੱਕ ਅਧਿਕਾਰੀ ਨੇ ਦੱਸਿਆ ਕਿ ਵਿਲਟਸ਼ਾਇਰ ਪੁਲਸ, ਵੈਸਟ ਮਰਸੀਆ ਪੁਲਸ ਅਤੇ ਏਵਨ ਅਤੇ ਸਮਰਸੇਟ ਪੁਲਸ ਦੇ ਅਧਿਕਾਰੀ ਆਪਸੀ ਤਾਲਮੇਲ ਨਾਲ ਜਾਂਚ ਵਿੱਚ ਸਹਾਇਤਾ ਕਰ ਰਹੇ ਹਨ।