ਚਮਤਕਾਰ : ਦੁਨੀਆ ''ਚ ਦੂਜੀ ਵਾਰ HIV ਪੀੜਤ ਮਰੀਜ਼ ਹੋਇਆ ਠੀਕ
Tuesday, Mar 05, 2019 - 04:17 PM (IST)

ਲੰਡਨ (ਬਿਊਰੋ)— ਬ੍ਰਿਟੇਨ ਵਿਚ ਇਕ ਐੱਚ.ਆਈ.ਵੀ. ਪੀੜਤ ਮਰੀਜ਼ ਦੁਨੀਆ ਦਾ ਅਜਿਹਾ ਦੂਜਾ ਵਿਅਕਤੀ ਬਣ ਗਿਆ ਹੈ ਜੋ ਇਸ ਬੀਮਾਰੀ ਤੋਂ ਪੂਰੀ ਤਰ੍ਹਾਂ ਮੁਕਤ ਹੋ ਚੁੱਕਾ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਇਸ ਲਈ ਮਰੀਜ਼ ਦਾ ਬੋਨ ਮੈਰੋ ਟਰਾਂਸਪਲਾਂਟ ਕੀਤਾ ਗਿਆ। ਇਹ ਬੋਨ ਮੈਰੋ ਸਟੈਮ ਸੈੱਲਜ਼ ਜਿਸ ਨੇ ਦਾਨ ਕੀਤੇ ਹਨ, ਉਸ ਨੂੰ ਦੁਰਲੱਭ ਜੈਨੇਟਿਕ mutation CCR5 ਡੈਲਟਾ 32 ਹੈ, ਜੋ ਐੱਚ.ਆਈ.ਵੀ. ਪ੍ਰਤੀਰੋਧਕ ਸਮਰੱਥਾ ਵਧਾਉਂਦਾ ਹੈ।
ਇਸ ਦੇ 3 ਸਾਲ ਬਾਅਦ ਅਤੇ ਐਂਟੀਰੇਟ੍ਰੋਵਾਇਰਲ ਡਰੱਗਜ਼ ਦੇ ਬੰਦ ਹੋਣ ਦੇ 18 ਮਹੀਨੇ ਤੋਂ ਵੱਧ ਸਮੇਂ ਦੇ ਬਾਅਦ ਕਈ ਜਾਂਚ ਕੀਤੀਆਂ ਗਈਆਂ। ਜਿਸ ਵਿਚ ਮਰੀਜ਼ ਅੰਦਰ ਐੱਚ.ਆਈ.ਵੀ. ਇਨਫੈਕਸ਼ਨ ਨਹੀਂ ਪਾਈ ਗਈ। ਮਰੀਜ਼ ਦਾ ਇਲਾਜ ਕਰਨ ਵਾਲੇ ਡਾਕਟਰਾਂ ਦੀ ਟੀਮ ਦੇ ਮੈਂਬਰ ਰਵਿੰਦਰ ਗੁਪਤਾ ਦਾ ਕਹਿਣਾ ਹੈ,''ਕੋਈ ਵਾਇਰਸ ਨਹੀਂ ਹੈ, ਅਸੀਂ ਕੁਝ ਵੀ ਪਤਾ ਲਗਾ ਸਕਦੇ ਹਾਂ।'' ਡਾਕਟਰਾਂ ਦਾ ਕਹਿਣਾ ਹੈ ਕਿ ਇਸ ਮਾਮਲੇ ਵਿਚ ਇਹ ਸਾਬਤ ਹੁੰਦਾ ਹੈ ਡਾਕਟਰ ਇਕ ਦਿਨ ਏਡਜ਼ ਨੂੰ ਪੂਰੀ ਤਰ੍ਹਾਂ ਖਤਮ ਕਰਨ ਦੇ ਯੋਗ ਹੋ ਜਾਣਗੇ।
ਡਾਕਟਰ ਗੁਪਤਾ ਦਾ ਕਹਿਣਾ ਹੈ ਕਿ ਇਹ ਕਹਿਣਾ ਬਹੁਤ ਜਲਦੀ ਹੋਵੇਗੀ ਕਿ ਮਰੀਜ਼ ਪੂਰੀ ਤਰ੍ਹਾਂ ਠੀਕ ਹੋ ਚੁੱਕਾ ਹੈ। ਇਸ ਤੋਂ ਪਹਿਲਾਂ ਅਮਰੀਕਾ ਦੇ ਰਹਿਣ ਵਾਲੇ ਟਿਮੋਥੀ ਬ੍ਰਾਊਨ ਦਾ ਸਾਲ 2007 ਵਿਚ ਜਰਮਨੀ ਵਿਚ ਇਲਾਜ ਹੋਇਆ ਸੀ ਜਿਸ ਮਗਰੋਂ ਉਹ ਐੱਚ.ਆਈ.ਵੀ. ਮੁਕਤ ਹੋ ਗਏ। ਬ੍ਰਾਊਨ ਠੀਕ ਹੋਣ ਦੇ ਬਾਅਦ ਅਮਰੀਕਾ ਚਲੇ ਗਏ। ਡਾਕਟਰਾਂ ਦਾ ਕਹਿਣਾ ਹੈ ਕਿ ਉਹ ਅੱਜ ਵੀ ਪੂਰੀ ਤਰ੍ਹਾਂ ਠੀਕ ਹਨ।
ਡਾਕਟਰ ਗੁਪਤਾ ਦਾ ਕਹਿਣਾ ਹੈ ਕਿ ਇਸ ਵਿਅਕਤੀ ਨੂੰ ਸਾਲ 2003 ਵਿਚ ਐੱਚ.ਆਈ.ਵੀ. ਹੋ ਗਿਆ ਸੀ। ਇਸ ਮਗਰੋਂ ਸਾਲ 2012 ਵਿਚ ਉਸ ਨੂੰ ਬਲੱਡ ਕੈਂਸਰ ਹੋ ਗਿਆ। ਸਾਲ 2016 ਵਿਚ ਉਹ ਕਾਫੀ ਬੀਮਾਰ ਸੀ। ਜਿਸ ਮਗਰੋਂ ਡਾਕਟਰਾਂ ਨੇ ਉਸ ਦੇ ਸੈੱਲ ਟਰਾਂਸਪਲਾਂਟ ਕਰਨ ਦਾ ਫੈਸਲਾ ਲਿਆ। ਡਾਕਟਰਾਂ ਦਾ ਕਹਿਣਾ ਹੈ ਕਿ ਇਸ ਬੀਮਾਰੀ ਨੂੰ ਦੂਰ ਕਰਨ ਦੀ ਪ੍ਰਕਿਰਿਆ ਮਹਿੰਗੀ ਅਤੇ ਖਤਰਨਾਕ ਹੈ। ਡੋਨਰ ਨੂੰ ਲੱਭਣ ਵਿਚ ਵੀ ਕਾਫੀ ਪਰੇਸ਼ਾਨੀ ਆਉਂਦੀ ਹੈ। ਜਿਨ੍ਹਾਂ ਲੋਕਾਂ ਵਿਚ CCR5 ਮਿਊਟੇਸ਼ਨ ਹੁੰਦਾ ਹੈ ਉਹ ਵੀ ਜ਼ਿਆਦਾਤਰ ਉੱਤਰੀ ਯੂਰਪੀ ਵੰਸ਼ ਦੇ ਹੁੰਦੇ ਹਨ।
ਜ਼ਿਕਰਯੋਗ ਹੈ ਕਿ ਵਰਤਮਾਨ ਵਿਚ ਦੁਨੀਆ ਦੇ 3.7 ਕਰੋੜ ਲੋਕ ਐੱਚ.ਆਈ.ਵੀ. ਪੀੜਤ ਹਨ। ਸਾਲ 1980 ਵਿਚ ਇਸ ਬੀਮਾਰੀ ਦੇ ਸ਼ੁਰੂ ਹੋਣ ਦੇ ਬਾਅਦ ਤੋਂ ਹੁਣ ਤੱਕ ਦੁਨੀਆ ਦੇ 3.5 ਕਰੋੜ ਲੋਕਾਂ ਦੀ ਮੌਤ ਹੋ ਚੁੱਕੀ ਹੈ। ਹਾਲ ਹੀ ਦੇ ਸਾਲਾਂ ਵਿਚ ਵਿਗਿਆਨੀਆਂ ਵੱਲੋਂ ਕੀਤੀ ਗਈ ਖੋਜ ਨਾਲ ਹੀ ਡਾਕਟਰਾਂ ਨੂੰ ਇੰਨੀ ਸਫਲਤਾ ਮਿਲੀ ਹੈ।