ਯੂ. ਕੇ. : ਗਲਾਸਗੋ ਦੀ ਪ੍ਰਾਈਵੇਟ ਕੰਪਨੀ ਨੂੰ ਇਸ ਕਾਰਨ ਹੋਇਆ 1,50,000 ਪੌਂਡ ਦਾ ਜੁਰਮਾਨਾ
Monday, Sep 06, 2021 - 03:31 PM (IST)
ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)-ਗਲਾਸਗੋ ਸਥਿਤ ਇੱਕ ਫਰਮ ਨੂੰ ਵੱਖ-ਵੱਖ ਉਤਪਾਦਾਂ ਤੇ ਸਕੀਮਾਂ ਸਬੰਧੀ 5 ਲੱਖ ਤੋਂ ਵੱਧ ਮਾਰਕੀਟਿੰਗ ਕਾਲਾਂ ਕਰਕੇ ਲੋਕਾਂ ਨੂੰ ਪ੍ਰੇਸ਼ਾਨ ਕਰਨ ਲਈ 1,50,000 ਪੌਂਡ ਦਾ ਜੁਰਮਾਨਾ ਲਗਾਇਆ ਗਿਆ ਹੈ। ਸਕਾਟਲੈਂਡ ਦੇ ਸੂਚਨਾ ਕਮਿਸ਼ਨਰ ਦਫਤਰ (ਆਈ. ਸੀ. ਓ.) ਨੇ ਜਾਣਕਾਰੀ ਦਿੱਤੀ ਕਿ ਅਗਸਤ 2019 ਅਤੇ ਮਾਰਚ 2020 ਦਰਮਿਆਨ ਕੀਤੀਆਂ ਅਣਚਾਹੀਆਂ ਕਾਲਾਂ ਬਾਰੇ ਡਾਇਲ ਏ ਡੀਲ ਸਕਾਟਲੈਂਡ ਲਿਮਟਿਡ (ਡੀ. ਡੀ. ਐੱਸ. ਐੱਲ.) ਖ਼ਿਲਾਫ਼ ਸੈਂਕੜੇ ਸ਼ਿਕਾਇਤਾਂ ਪ੍ਰਾਪਤ ਹੋਈਆਂ। ਇਹ ਕਾਲਾਂ ਗੈਰ-ਮੌਜੂਦ ਗ੍ਰੀਨ ਡੀਲ ਊਰਜਾ ਬਚਾਉਣ ਦੀਆਂ ਯੋਜਨਾਵਾਂ ਬਾਰੇ ਸਨ, ਜਿਨ੍ਹਾਂ ’ਚ ਬਾਇਲਰ ਅਤੇ ਖਿੜਕੀਆਂ ਬਦਲਾਉਣ, ਲੌਫਟ ਇੰਸੁਲੇਸ਼ਨ ਅਤੇ ਘਰ ਸੁਧਾਰ ਗ੍ਰਾਂਟ ਸ਼ਾਮਲ ਸਨ।
ਕੰਪਨੀ ਵੱਲੋਂ ਇਹ ਕਾਲਾਂ ਉਨ੍ਹਾਂ ਨੰਬਰਾਂ ’ਤੇ ਕੀਤੀਆਂ ਗਈਆਂ, ਜੋ ਟੈਲੀਫੋਨ ਪ੍ਰੈਫਰੈਂਸ ਸਰਵਿਸ (ਟੀ. ਪੀ. ਐੱਸ.) ਨਾਲ ਰਜਿਸਟਰਡ ਸਨ, ਜਿੱਥੇ ਲੋਕਾਂ ਨੇ ਅਜਿਹੀਆਂ ਕਾਲਾਂ ਨੂੰ ਪ੍ਰਾਪਤ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਹੁੰਦੀ। ਇਸ ਲਈ ਇਹ ਕਾਲਾਂ ਗੈਰ-ਕਾਨੂੰਨੀ ਸਨ। ਆਈ. ਸੀ. ਓ. ਅਨੁਸਾਰ ਟੀ. ਪੀ. ਐੱਸ. ਗਾਹਕਾਂ ਵੱਲੋਂ 500 ਤੋਂ ਵੱਧ ਸ਼ਿਕਾਇਤਾਂ ਪ੍ਰਾਪਤ ਹੋਈਆਂ, ਜੋ ਹੁਣ ਤੱਕ ਪ੍ਰਾਪਤ ਹੋਈਆਂ ਸਭ ਤੋਂ ਜ਼ਿਆਦਾ ਗਿਣਤੀਆਂ ’ਚੋਂ ਇੱਕ ਹੈ। ਡੀ. ਡੀ. ਐੱਸ. ਐੱਲ. ਨੂੰ ਜੁਰਮਾਨਾ ਕਰਨ ਦੇ ਨਾਲ ਆਈ. ਸੀ. ਓ. ਨੇ ਕੰਪਨੀ ਨੂੰ ਹੋਰ ਅਣਚਾਹੀਆਂ ਮਾਰਕੀਟਿੰਗ ਕਾਲਾਂ ਕਰਨ ਤੋਂ ਰੋਕਣ ਦਾ ਨੋਟਿਸ ਵੀ ਜਾਰੀ ਕੀਤਾ ਹੈ।