ਕੋਰੋਨਾ ਆਫ਼ਤ : ਯੂਕੇ ''ਚ ਮੌਤਾਂ ਨੇ ਕੀਤਾ 60,000 ਦਾ ਅੰਕੜਾ ਪਾਰ
Friday, Dec 04, 2020 - 04:18 PM (IST)
ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ): ਬ੍ਰਿਟੇਨ ਵਿਚ ਕੋਰੋਨਾਵਾਇਰਸ ਨਾਲ 414 ਹੋਰ ਲੋਕਾਂ ਦੀ ਹੋਈ ਮੌਤ ਨੇ ਦੇਸ਼ ਵਿੱਚ ਮਰਨ ਵਾਲੇ ਲੋਕਾਂ ਦੀ ਗਿਣਤੀ 60,000 ਤੋਂ ਪਾਰ ਕਰ ਦਿੱਤੀ ਹੈ। ਇਸ ਦੇ ਨਾਲ ਹੀ ਪਿਛਲੇ 24 ਘੰਟਿਆਂ ਵਿੱਚ ਕੋਵਿਡ-19 ਦੇ ਤਕਰੀਬਨ 14,879 ਨਵੇਂ ਕੇਸ ਵੀ ਸਾਹਮਣੇ ਆਏ ਹਨ। ਜਾਰੀ ਕੀਤੇ ਗਏ ਤਾਜ਼ਾ ਸਰਕਾਰੀ ਅੰਕੜਿਆਂ ਦੇ ਮੁਤਾਬਕ, ਮਹਾਮਾਰੀ ਦਾ ਪ੍ਰਕੋਪ ਸ਼ੁਰੂ ਹੋਣ ਤੋਂ ਬਾਅਦ ਯੂਕੇ ਵਿੱਚ 1,674,134 ਪੁਸ਼ਟੀ ਕੀਤੇ ਲਾਗ ਦੇ ਮਾਮਲੇ ਹੋ ਗਏ ਹਨ, ਜਦੋਂਕਿ ਕੁੱਲ ਮੌਤਾਂ ਦੀ ਗਿਣਤੀ ਹੁਣ 60,113 ਤੱਕ ਪਹੁੰਚ ਗਈ ਹੈ।
ਪੜ੍ਹੋ ਇਹ ਅਹਿਮ ਖਬਰ- ਬ੍ਰਿਟੇਨ : ਭਾਰਤੀ ਅਧਿਆਪਕ ਨੂੰ ਮਿਲਿਆ 7 ਕਰੋੜ ਰੁਪਏ ਦਾ 'ਗਲੋਬਲ ਟੀਚਰ ਪ੍ਰਾਈਜ਼'
ਵਾਇਰਸ ਦੇ ਮਾਮਲੇ ਵਿੱਚ ਕਈ ਹੋਰ ਵੱਖਰੇ ਅੰਕੜੇ ਕੋਰੋਨਾਵਾਇਰਸ ਮੌਤਾਂ ਦੀ ਗਿਣਤੀ 76,000 ਤੱਕ ਦਰਜ਼ ਕਰ ਰਹੇ ਹਨ। ਟੈਸਟ ਅਤੇ ਟਰੇਸ ਦੇ ਨਵੇਂ ਅੰਕੜਿਆਂ ਦੇ ਮੁਤਾਬਕ, ਇੰਗਲੈਂਡ ਵਿੱਚ ਸਕਾਰਾਤਮਕ ਕੇਸਾਂ ਵਿੱਚ ਇੱਕ ਹਫ਼ਤੇ ਦੌਰਾਨ 28% ਦੀ ਗਿਰਾਵਟ ਆਈ ਹੈ। ਨਿਕੋਲਾ ਸਟਰਜਨ ਨੇ ਸਕਾਟਲੈਂਡ ਵਿੱਚ ਪਿਛਲੇ 24 ਘੰਟਿਆਂ ਵਿਚ 51 ਮੌਤਾਂ ਅਤੇ 958 ਸਕਾਰਾਤਮਕ ਕੇਸ ਦਰਜ ਹੋਣ ਦੀ ਪੁਸ਼ਟੀ ਕੀਤੀ ਹੈ, ਜਿਸ ਨਾਲ 3,848 ਮੌਤਾਂ ਅਤੇ ਕੁੱਲ 97,720 ਸਕਾਰਾਤਮਕ ਟੈਸਟਾਂ ਦੀ ਪੁਸ਼ਟੀ ਹੋਈ ਹੈ। ਵੇਲਜ਼ ਵਿੱਚ ਵੀ 24 ਮੌਤਾਂ ਅਤੇ 1,473 ਹੋਰ ਕੇਸ ਦਰਜ ਕੀਤੇ ਗਏ ਹਨ ਜਿਸ ਨਾਲ ਇਸ ਖੇਤਰ ਵਿੱਚ ਵਿੱਚ ਹੁਣ 83,961 ਪੁਸ਼ਟੀ ਹੋਏ ਕੇਸ ਅਤੇ 2,638 ਮੌਤਾਂ ਹੋ ਗਈਆਂ ਹਨ। ਇਸਦੇ ਨਾਲ ਹੀ ਉੱਤਰੀ ਆਇਰਲੈਂਡ ਵਿੱਚ, ਸਿਹਤ ਵਿਭਾਗ ਮੁਤਾਬਕ, 11 ਨਵੀਆਂ ਮੌਤਾਂ ਅਤੇ 456 ਨਵੇਂ ਲਾਗ ਦੇ ਕੇਸ ਹੋਏ ਹਨ, ਜਿਹਨਾਂ ਨਾਲ ਮੌਤਾਂ ਦੀ ਗਿਣਤੀ 1,026 ਅਤੇ ਪਾਜ਼ੇਟਿਵ ਮਾਮਲਿਆਂ ਦੀ ਸੰਖਿਆ 53,728 ਹੋ ਗਈ ਹੈ।
ਨੋਟ- ਯੂਕੇ ਵਿਚ ਕੋਰੋਨਾ ਮ੍ਰਿਤਕਾਂ ਦੀ ਗਿਣਤੀ 60,000 ਪਾਰ ਜਾਣ ਸੰਬੰਧੀ ਖ਼ਬਰ ਬਾਰੇ ਦੱਸੋ ਆਪਣੀ ਰਾਏ।