ਯੂਕੇ: ਭਾਰਤੀ ਕੋਰੋਨਾ ਵੇਰੀਐਂਟ ਤੋਂ ਬਚਾਅ ਲਈ ਲਗਾਏ ਗਏ 6,000 ਤੋਂ ਵੱਧ ਟੀਕੇ
Tuesday, May 18, 2021 - 02:02 PM (IST)

ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ) ਯੂਕੇ ਦੇ ਕੁਝ ਖੇਤਰਾਂ ਵਿੱਚ ਭਾਰਤੀ ਕੋਰੋਨਾ ਵਾਇਰਸ ਵੈਰੀਐਂਟ ਦੇ ਲਾਗ ਦੇ ਮਾਮਲੇ ਸਾਹਮਣੇ ਆ ਰਹੇ ਹਨ, ਜਿਹਨਾਂ ਵਿੱਚੋਂ ਬੋਲਟਨ ਸਭ ਤੋਂ ਵੱਧ ਪ੍ਰਭਾਵਿਤ ਹੈ। ਇਸ ਲਈ ਭਾਰਤੀ ਕੋਵਿਡ-19 ਵੇਰੀਐਂਟ ਨੂੰ ਲੈ ਕੇ ਸੁਰੱਖਿਆ ਦੇ ਮੱਦੇਨਜ਼ਰ ਪਿਛਲੇ ਹਫਤੇ ਦੇ ਅੰਤ ਵਿੱਚ ਬੋਲਟਨ 'ਚ 6,000 ਤੋਂ ਵੱਧ ਲੋਕਾਂ ਨੂੰ ਕੋਰੋਨਾ ਟੀਕਾ ਲਗਾਇਆ ਗਿਆ। ਕੋਰੋਨਾ ਅੰਕੜਿਆਂ ਅਨੁਸਾਰ ਅੱਧ ਅਪ੍ਰੈਲ ਤੋਂ ਇਸ ਕਸਬੇ ਵਿੱਚ ਲਾਗਾਂ ਵਿੱਚ ਤੇਜ਼ੀ ਦੇਖਣ ਨੂੰ ਮਿਲੀ ਹੈ ਅਤੇ ਭਾਰਤੀ ਵਾਇਰਸ ਦੇ ਰੂਪ ਬੀ.1.617.2 ਵੇਰੀਐਂਟ ਹੁਣ ਜਿਆਦਾਤਰ ਨਵੇਂ ਕੇਸਾਂ ਵਿੱਚ ਸਾਹਮਣੇ ਆ ਰਿਹਾ ਹੈ। ਜਦਕਿ ਉਮਰ ਦੇ ਉੱਚ ਤਰਜੀਹ ਵਾਲੇ ਸਮੂਹਾਂ ਵਿੱਚ ਲੱਗਭਗ 10,000 ਲੋਕਾਂ ਨੂੰ ਟੀਕਾ ਲਗਾਇਆ ਜਾਣਾ ਬਾਕੀ ਹੈ।
ਪੜ੍ਹੋ ਇਹ ਅਹਿਮ ਖਬਰ- ਅਮਰੀਕਾ ਹੁਣ ਹੋਰ ਦੇਸ਼ਾਂ ਨੂੰ ਭੇਜੇਗਾ ਵੈਕਸੀਨ, ਬਾਈਡੇਨ ਨੇ 2 ਕਰੋੜ ਡੋਜ਼ ਦੇਣ ਦਾ ਕੀਤਾ ਵਾਅਦਾ
ਵਾਇਰਸ ਸੰਬੰਧੀ ਆਖਰੀ ਅੰਕੜਿਆਂ ਅਨੁਸਾਰ ਬੋਲਟਨ ਵਿੱਚ ਸੱਤ ਦਿਨਾਂ ਤੋਂ 11 ਮਈ ਤੱਕ ਕੋਵਿਡ-19 ਦੇ 733 ਨਵੇਂ ਕੇਸ ਦਰਜ ਕੀਤੇ ਜੋ ਕਿ ਯੂਕੇ ਵਿੱਚ ਕਿਸੇ ਵੀ ਹੋਰ ਖੇਤਰ ਨਾਲੋਂ ਵੱਧ ਹਨ। ਹਾਲਾਂਕਿ, 60 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਇਸ ਕਸਬੇ ਦੇ ਲੋਕਾਂ ਵਿਚ ਨਵੇਂ ਕੇਸਾਂ ਦੀ ਦਰ 59.9 ਹੈ, ਜੋ ਇਕ ਹਫਤੇ ਪਹਿਲਾਂ 35.3 ਸੀ। ਜਦਕਿ 10-19 ਸਾਲ ਦੀ ਉਮਰ ਦੇ ਲੋਕਾਂ ਲਈ ਮੌਜੂਦਾ ਸਮੇਂ ਵਿੱਚ ਇਹ ਦਰ ਪ੍ਰਤੀ 100,000 ਪਿੱਛੇ 486.2 ਹੈ, ਜੋ ਇਕ ਹਫਤੇ ਪਹਿਲਾਂ ਦੇ 200.7 ਦੇ ਮੁਕਾਬਲੇ ਤੇਜ਼ੀ ਨਾਲ ਵੱਧ ਗਈ ਹੈ ਅਤੇ 20-29 ਸਾਲ ਦੀ ਉਮਰ ਵਾਲਿਆਂ ਲਈ ਇਹ ਦਰ 147.9 ਤੋਂ 310 'ਤੇ ਪਹੁੰਚ ਗਈ ਹੈ। ਬੋਲਟਨ ਵਿੱਚ ਹਰੇਕ ਯੋਗ ਵਿਅਕਤੀ ਦੇ ਟੀਕਾਕਰਨ ਲਈ ਲੰਬੀਆਂ ਕਤਾਰਾਂ ਬਣੀਆਂ ਦੇਖੀਆਂ ਗਈਆਂ ਅਤੇ ਸਿਹਤ ਅਧਿਕਾਰੀ ਲੱਗਭਗ 10,000 ਤੱਕ ਲੋਕਾਂ ਨੂੰ ਕੋਰੋਨਾ ਟੀਕਾ ਲਗਾਉਣ ਦਾ ਨਿਸ਼ਾਨਾ ਮਿਥ ਰਹੇ ਹਨ।