ਯੂਕੇ ''ਚ 30 ਮਿਲੀਅਨ ਲੋਕਾਂ ਨੂੰ ਲੱਗੀ ਕੋਰੋਨਾ ਵੈਕਸੀਨ
Tuesday, Mar 23, 2021 - 12:40 PM (IST)
ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ): ਯੂਕੇ ਵਿੱਚ ਕੋਰੋਨਾ ਟੀਕਾਕਰਨ ਮੁਹਿੰਮ ਸੰਬੰਧੀ ਸਰਕਾਰੀ ਅੰਕੜਿਆਂ ਅਨੁਸਾਰ ਹੁਣ ਪੂਰੇ ਯੂਕੇ ਵਿੱਚ 30 ਮਿਲੀਅਨ ਤੋਂ ਵੱਧ ਲੋਕਾਂ ਨੂੰ ਕੋਵਿਡ ਟੀਕਾ ਲਗਾਇਆਂ ਜਾ ਚੁੱਕਿਆ ਹੈ। ਐਤਵਾਰ ਰਾਤ ਤੱਕ, ਦੇਸ਼ ਭਰ ਵਿੱਚ ਕੋਵਿਡ ਟੀਕੇ ਦੀਆਂ ਤਕਰੀਬਨ 27,997,976 ਪਹਿਲੀਆਂ ਖੁਰਾਕਾਂ ਦਿੱਤੀਆਂ ਗਈਆਂ ਹਨ, ਜਦੋਂ ਕਿ 2,281,384 ਲੋਕਾਂ ਨੂੰ ਵੈਕਸੀਨ ਦੀ ਦੂਜੀ ਖੁਰਾਕ ਦਿੱਤੀ ਗਈ ਹੈ।
ਸਿਹਤ ਸਕੱਤਰ ਮੈਟ ਹੈਨਕਾਕ ਨੇ ਟੀਕਾਕਰਨ ਵਿੱਚ ਸ਼ਾਮਲ ਹਰੇਕ ਵਿਅਕਤੀ ਦਾ ਧੰਨਵਾਦ ਕੀਤਾ ਹੈ। ਸਿਹਤ ਸਕੱਤਰ ਦੁਆਰਾ ਟੀਕਾਕਰਨ ਮੁਹਿੰਮ ਦੀ ਵਿਸ਼ਾਲ ਟੀਮ ਦੀ ਪ੍ਰਸ਼ੰਸਾ ਵੀ ਕੀਤੀ ਗਈ ਹੈ। ਇਸ ਦੇ ਇਲਾਵਾ ਐਤਵਾਰ ਨੂੰ 1.8 ਮਿਲੀਅਨ ਤੋਂ ਵੱਧ ਕੋਵਿਡ ਟੈਸਟ ਵੀ ਕੀਤੇ ਗਏ ਹਨ।
ਪੜ੍ਹੋ ਇਹ ਅਹਿਮ ਖਬਰ - ਕੋਰੋਨਾ ਆਫ਼ਤ : ਜਰਮਨੀ 'ਚ ਵਧੀ ਤਾਲਾਬੰਦੀ, ਲੋਕਾਂ ਨੂੰ ਘਰਾਂ 'ਚ ਰਹਿਣ ਦੀ ਅਪੀਲ
ਸਰਕਾਰੀ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਵਿੱਚ 440 ਲੋਕ ਵਾਇਰਸ ਨਾਲ ਪੀੜਤ ਹੋਣ ਦੇ ਬਾਅਦ ਹਸਪਤਾਲ ਵਿੱਚ ਦਾਖਲ ਹੋਏ ਹਨ, ਜਿਸ ਨਾਲ ਹਸਪਤਾਲਾਂ ਵਿੱਚ ਕੋਵਿਡ ਦੇ ਮਰੀਜ਼ਾਂ ਦੀ ਕੁੱਲ ਗਿਣਤੀ ਇਸ ਵੇਲੇ 6,162 ਹੋ ਗਈ ਹੈ। ਇਨ੍ਹਾਂ ਵਿਚੋਂ 830 ਮਰੀਜ਼ਾਂ ਨੂੰ ਵੈਂਟੀਲੇਟਰ ਦੀ ਜ਼ਰੂਰਤ ਹੈ। ਸਰਕਾਰ ਅਨੁਸਾਰ ਬ੍ਰਿਟੇਨ ਦੇ ਅੱਧੇ ਤੋਂ ਵੱਧ ਬਾਲਗਾਂ ਨੇ ਕੋਵਿਡ ਟੀਕੇ ਦੀ ਘੱਟੋ ਘੱਟ ਪਹਿਲੀ ਖੁਰਾਕ ਪ੍ਰਾਪਤ ਕੀਤੀ ਹੈ ਅਤੇ ਸਰਕਾਰ ਦਾ ਇਰਾਦਾ ਦੇਸ਼ ਵਿਚ ਸਾਰੇ ਬਾਲਗਾਂ ਨੂੰ 31 ਜੁਲਾਈ ਤੱਕ ਟੀਕਾ ਲਗਾਉਣ ਦਾ ਹੈ।
ਨੋਟ- ਯੂਕੇ 'ਚ 30 ਮਿਲੀਅਨ ਲੋਕਾਂ ਨੂੰ ਲੱਗੀ ਕੋਰੋਨਾ ਵੈਕਸੀਨ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।