ਯੂਕੇ: ਕੋਰੋਨਾ ਦੇ ਇਲਾਜ ਦਾ ਪਹਿਲਾ ਟੀਕਾ ਦੇਵੇਗਾ 90% ਸੁਰੱਖਿਆ?

11/10/2020 5:08:37 PM

ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ): ਕੋਰੋਨਾਵਾਇਰਸ ਦੇ ਇਲਾਜ ਸੰਬੰਧੀ ਪਹਿਲਾ ਟੀਕਾ ਸਫਲਤਾ ਪੂਰਵਕ ਤਿਆਰ ਹੋਣ ਦੇ ਕੰਢੇ 'ਤੇ ਹੈ। ਸਿਹਤ ਮਾਹਰਾਂ ਮੁਤਾਬਕ, ਸ਼ੁਰੂਆਤੀ ਵਿਸ਼ਲੇਸ਼ਣ ਤੋਂ ਇਹ ਪੁਸ਼ਟੀ ਹੋਈ ਹੈ ਕਿ ਕੋਰੋਨਾਵਾਇਰਸ ਦਾ ਇਹ ਪਹਿਲਾ ਪ੍ਰਭਾਵਸ਼ਾਲੀ ਟੀਕਾ 90% ਤੋਂ ਵੱਧ ਲੋਕਾਂ ਨੂੰ ਸੁਰੱਖਿਆ ਪ੍ਰਦਾਨ ਕਰੇਗਾ। ਇਸ ਟੀਕੇ ਨੂੰ ਬਣਾਉਣ ਵਾਲੀਆਂ ਕੰਪਨੀਆਂ ਫਾਈਜ਼ਰ ਅਤੇ ਬਾਇਓਨਟੈਕ ਨੇ ਇਸ ਨੂੰ ਇੱਕ ਪ੍ਰਭਾਵਸ਼ਾਲੀ ਟੀਕਾ ਦੱਸਿਆ ਹੈ ਕਿਉਂਕਿ ਟੀਕੇ ਦਾ ਟੈਸਟ 6 ਦੇਸ਼ਾਂ ਦੇ 43,500 ਵਿਅਕਤੀਆਂ 'ਤੇ ਕੀਤਾ ਗਿਆ ਹੈ, ਜਿਸ ਦੌਰਾਨ ਕੋਈ ਸਮੱਸਿਆ ਸਾਹਮਣੇ ਨਹੀਂ ਆਈ ਹੈ। 

ਕੰਪਨੀਆਂ ਇਸ ਮਹੀਨੇ ਦੇ ਅੰਤ ਤੱਕ ਟੀਕੇ ਦੀ ਵਰਤੋਂ ਕਰਨ ਲਈ ਐਮਰਜੈਂਸੀ ਪ੍ਰਵਾਨਗੀ ਲਈ ਅਰਜ਼ੀ ਦੇਣ ਦੀ ਯੋਜਨਾ ਬਣਾ ਰਹੀਆਂ ਹਨ। ਇਸ ਦਾ ਇਲਾਜ ਦੋ ਡੋਜ਼ਾਂ ਵਿੱਚ ਕੀਤਾ ਜਾਵੇਗਾ, ਜਿਸ ਵਿੱਚ ਤਿੰਨ ਹਫਤਿਆਂ ਦਾ ਵਕਫਾ ਹੋਵੇਗਾ।ਅੰਕੜਿਆਂ ਮੁਤਾਬਕ, ਇਸ ਦੇ ਟ੍ਰਇਲ ਅਮਰੀਕਾ, ਜਰਮਨੀ, ਬ੍ਰਾਜ਼ੀਲ, ਅਰਜਨਟੀਨਾ, ਦੱਖਣੀ ਅਫਰੀਕਾ ਅਤੇ ਤੁਰਕੀ ਵਿੱਚ ਹੋਏ ਹਨ ਜੋ ਦਰਸਾਉਂਦੇ ਹਨ ਕਿ ਦੂਜੀ ਖੁਰਾਕ ਦੇ ਸੱਤ ਦਿਨਾਂ ਬਾਅਦ 90% ਤੱਕ ਸੁਰੱਖਿਆ ਪ੍ਰਾਪਤ ਕੀਤੀ ਜਾਂਦੀ ਹੈ। 

ਪੜ੍ਹੋ ਇਹ ਅਹਿਮ ਖਬਰ- ਇਟਲੀ : ਗੈਰ-ਕਾਨੂੰਨੀ ਨਸ਼ੇ ਪੀਣ 'ਚ ਨਾਬਾਲਗ ਬੱਚਿਆਂ ਦੀ ਗਿਣਤੀ ਹੋਈ ਦੁੱਗਣੀ

ਹਾਲਾਂਕਿ, ਪੇਸ਼ ਕੀਤਾ ਇਹ ਅੰਕੜਾ ਅੰਤਿਮ ਨਤੀਜਾ ਨਹੀਂ ਹੈ ਕਿਉਂਕਿ ਟੀਕੇ ਦੇ ਪ੍ਰੀਖਣ ਲਈ ਸਿਰਫ ਪਹਿਲੇ 94 ਵਾਲੰਟੀਅਰਾਂ 'ਤੇ ਅਧਾਰਿਤ ਹੈ, ਇਸ ਲਈ ਜਦੋਂ ਪੂਰੇ ਨਤੀਜਿਆਂ ਦਾ ਵਿਸ਼ਲੇਸ਼ਣ ਕੀਤਾ ਜਾਵੇਗਾ ਤਾਂ ਟੀਕੇ ਦੀ ਸਹੀ ਪ੍ਰਭਾਵਸ਼ੀਲਤਾ ਬਦਲ ਸਕਦੀ ਹੈ। ਯੂਕੇ ਸ਼ਾਇਦ ਇਸ ਟੀਕੇ ਲਈ ਕੇਅਰ ਹੋਮਜ਼ ਵਿੱਚ ਬਜ਼ੁਰਗ ਨਿਵਾਸੀਆਂ ਅਤੇ ਉਥੇ ਕੰਮ ਕਰਦੇ ਲੋਕਾਂ ਨੂੰ ਤਰਜੀਹ ਦੇਵੇਗਾ ਪਰ ਇਸ ਬਾਰੇ ਅਜੇ ਕੋਈ ਪੱਕਾ ਫ਼ੈਸਲਾ ਨਹੀਂ ਲਿਆ ਗਿਆ ਹੈ।ਆਕਸਫੋਰਡ ਯੂਨੀਵਰਸਿਟੀ ਦੇ ਪ੍ਰੋਫੈਸਰ ਪੀਟਰ ਹਾਰਬੀ ਮੁਤਾਬਕ, ਇਹ ਇੱਕ ਰਾਹਤ ਦੀ ਖਬਰ ਹੈ ਪਰ ਟੀਕੇ ਅਸਲ ਫ਼ਰਕ ਪਾਉਣ ਲੱਗ ਪੈਣਗੇ ਇਸ ਲਈ ਅਜੇ ਬਹੁਤ ਲੰਮਾ ਪੈਂਡਾ ਬਾਕੀ ਹੈ।


Vandana

Content Editor

Related News