ਲੰਡਨ ''ਚ ਕੋਰੋਨਾ ਵਾਇਰਸ ਦੀ ਤੀਜੀ ਲਹਿਰ ਦੇ ਡਰੋਂ ਹਜਾਰਾਂ ਲੋਕਾਂ ਨੇ ਲਗਵਾਈ ਵੈਕਸੀਨ
Monday, Jun 21, 2021 - 10:46 AM (IST)
ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ): ਯੂਕੇ ਵਿੱਚ ਕੋਰੋਨਾ ਵਾਇਰਸ ਦੇ ਫਿਰ ਤੋਂ ਵੱਧ ਰਹੇ ਮਾਮਲਿਆਂ ਕਾਰਨ ਮਹਾਮਾਰੀ ਦੀ ਤੀਜੀ ਲਹਿਰ ਆਉਣ ਦਾ ਡਰ ਪੈਦਾ ਹੋ ਗਿਆ ਹੈ। ਇਸ ਲਈ ਲੋਕਾਂ ਨੂੰ ਸੁਰੱਖਿਆ ਪ੍ਰਦਾਨ ਕਰਨ ਲਈ ਸਰਕਾਰ ਵੱਲੋਂ 18 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਟੀਕੇ ਦੀ ਪੇਸ਼ਕਸ਼ ਕੀਤੀ ਗਈ ਹੈ। ਰਾਜਧਾਨੀ ਲੰਡਨ ਵਿੱਚ ਸ਼ਨੀਵਾਰ ਨੂੰ ਹਜ਼ਾਰਾਂ ਲੋਕਾਂ ਨੂੰ ਕੋਰੋਨਾ ਵੈਕਸੀਨ ਲਗਾਉਣ ਲਈ ਸ਼ਹਿਰ ਦੇ ਫੁੱਟਬਾਲ ਮੈਦਾਨਾਂ ਨੂੰ ਵਿਸ਼ਾਲ ਟੀਕਾ ਕਲੀਨਿਕਾਂ ਵਿਚ ਬਦਲ ਦਿੱਤਾ ਗਿਆ। ਇਹਨਾਂ ਵਿੱਚ ਸਟ੍ਰੈਟਫੋਰਡ ਵਿੱਚ ਵੈਸਟ ਹੈਮ ਦਾ ਲੰਡਨ ਸਟੇਡੀਅਮ ਅਤੇ ਚੇਲਸੀ ਦਾ ਸਟੈਮਫੋਰਡ ਬ੍ਰਿਜ ਸ਼ਾਮਲ ਸੀ।
ਇਹਨਾਂ ਦੇ ਨਾਲ ਟੋਟੇਨਹੈਮ ਹੌਟਸਪੁਰ ਐਫ ਸੀ, ਚਾਰਲਟਨ ਐਥਲੈਟਿਕ ਐਫ ਸੀ, ਸੇਲਹਰਸਟ ਪਾਰਕ ਅਤੇ ਕ੍ਰਿਸਟਲ ਪੈਲੇਸ ਅਥਲੈਟਿਕਸ ਸੈਂਟਰ ਵਿੱਚ ਵੀ ਟੀਕਾਕਰਨ ਹੱਬ ਸਥਾਪਿਤ ਕੀਤੇ ਗਏ। ਇਸ ਦੌਰਾਨ ਮਾਸਕ ਅਤੇ ਸਮਾਜਿਕ ਦੂਰੀ ਦੇ ਨਿਯਮਾਂ ਦੀ ਪਾਲਣਾ ਕਰਦੇ ਹੋਏ ਹਜ਼ਾਰਾਂ ਲੋਕਾਂ ਨੇ ਟੀਕੇ ਲਈ ਕਤਾਰਾਂ ਲਗਾ ਕੇ ਆਪਣੀ ਵਾਰੀ ਦੀ ਉਡੀਕ ਕੀਤੀ। ਇਸ ਦੌਰਾਨ ਯੂਕੇ ਵਿੱਚ 14 ਹੋਰ ਕੋਵਿਡ ਮੌਤਾਂ ਦਰਜ ਹੋਈਆਂ ਅਤੇ ਲਗਾਤਾਰ ਤੀਜੇ ਦਿਨ 10,000 ਤੋਂ ਵੱਧ ਮਾਮਲੇ ਦਰਜ ਕੀਤੇ ਗਏ।
ਪੜ੍ਹੋ ਇਹ ਅਹਿਮ ਖਬਰ- ਅਮਰੀਕਾ-ਮੈਕਸੀਕੋ ਬਾਰਡਰ ਨੇੜੇ ਭਿਆਨਕ ਹਿੰਸਾ, ਹੁਣ ਤੱਕ 18 ਲੋਕਂ ਦੀ ਮੌਤ
ਸਿਹਤ ਮਾਹਰਾਂ ਅਨੁਸਾਰ ਡੈਲਟਾ ਵੇਰੀਐਂਟ ਜੋ ਕਿ ਪਹਿਲਾਂ ਭਾਰਤ ਵਿੱਚ ਪਛਾਣਿਆ ਗਿਆ ਸੀ ਵਾਇਰਸ ਦੀਆਂ ਲਾਗਾਂ ਵਿੱਚ ਤੇਜ਼ੀ ਲਿਆ ਰਿਹਾ ਹੈ। ਪਬਲਿਕ ਹੈਲਥ ਇੰਗਲੈਂਡ ਦੇ ਅਨੁਸਾਰ, ਇੱਕ ਹਫ਼ਤੇ ਵਿੱਚ ਡੈਲਟਾ ਰੂਪ ਦੇ ਮਾਮਲਿਆਂ ਵਿੱਚ 79 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ ਅਤੇ ਹਸਪਤਾਲ ਦੇ ਕੇਸਾਂ ਵਿੱਚ ਤਕਰੀਬਨ ਦੁੱਗਣਾ ਵਾਧਾ ਹੋ ਗਿਆ ਹੈ।