ਲਾਲ ਸੂਚੀ ''ਚ ਸ਼ਾਮਿਲ ਕਰਨ ਤੋਂ ਪਹਿਲਾਂ ਭਾਰਤੀ ਸਟ੍ਰੇਨ ਵਾਲੇ 100 ਯਾਤਰੀ ਪਹੁੰਚੇ ਭਾਰਤ ਤੋਂ ਇੰਗਲੈਂਡ

Sunday, May 16, 2021 - 12:40 PM (IST)

ਲਾਲ ਸੂਚੀ ''ਚ ਸ਼ਾਮਿਲ ਕਰਨ ਤੋਂ ਪਹਿਲਾਂ ਭਾਰਤੀ ਸਟ੍ਰੇਨ ਵਾਲੇ 100 ਯਾਤਰੀ ਪਹੁੰਚੇ ਭਾਰਤ ਤੋਂ ਇੰਗਲੈਂਡ

ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ): ਇੰਗਲੈਂਡ ਵਿੱਚ ਜਿੱਥੇ ਇੱਕ ਪਾਸੇ ਕੋਰੋਨਾ ਵਾਇਰਸ ਦੇ ਮਾਮਲੇ ਘੱਟ ਹੋ ਰਹੇ ਹਨ, ਉੱਥੇ ਹੀ ਕਈ ਸ਼ਹਿਰਾਂ ਵਿੱਚ ਕੋਰੋਨਾ ਵਾਇਰਸ ਦੇ ਭਾਰਤੀ ਵੈਰੀਐਂਟ ਦੇ ਮਾਮਲੇ ਸਾਹਮਣੇ ਆ ਰਹੇ ਹਨ, ਜੋ ਕਿ ਸਰਕਾਰ ਲਈ ਇੱਕ ਚਿੰਤਾ ਦਾ ਵਿਸ਼ਾ ਹੈ। ਸਰਕਾਰ ਦੁਆਰਾ ਜਾਰੀ ਨਵੇਂ ਅੰਕੜਿਆਂ ਤੋਂ ਪਤਾ ਚਲਦਾ ਹੈ ਕਿ 23 ਅਪ੍ਰੈਲ ਨੂੰ ਭਾਰਤ ਨੂੰ ਯੂਕੇ ਦੀ ਲਾਲ ਸੂਚੀ ਵਿੱਚ ਸ਼ਾਮਿਲ ਕਰਨ ਤੋਂ ਇੱਕ ਮਹੀਨਾ ਪਹਿਲਾਂ ਕੋਵਿਡ-19 ਦੇ ਭਾਰਤੀ ਵੈਰੀਐਂਟ ਨਾਲ ਪੀੜਤ ਲੱਗਭਗ 100 ਲੋਕ ਇੰਗਲੈਂਡ ਪਹੁੰਚੇ ਸਨ। 

ਜਨਤਕ ਸਿਹਤ ਇੰਗਲੈਂਡ (ਪੀ ਐਚ ਈ) ਦੀ ਰਿਪੋਰਟ ਅਨੁਸਾਰ 29 ਮਾਰਚ ਤੋਂ 2 ਮਈ ਦੇ ਦਰਮਿਆਨ ਕੁੱਲ 122 ਲੋਕ ਮੁੰਬਈ ਅਤੇ ਦਿੱਲੀ ਹਵਾਈ ਅੱਡਿਆਂ ਤੋਂ ਇੰਗਲੈਂਡ ਪਹੁੰਚੇ, ਜੋ ਕਿ ਕੋਵਿਡ-19 ਦੇ ਇੰਡੀਅਨ ਵੇਰੀਐਂਟ ਜਿਸ ਨੂੰ ਬੀ1.617.2 ਕਿਹਾ ਜਾਂਦਾ ਹੈ, ਨਾਲ ਪ੍ਰਭਾਵਿਤ ਸਨ। 13 ਮਈ ਦੀ ਰਿਪੋਰਟ ਦਰਸਾਉਂਦੀ ਹੈ ਕਿ ਇਹਨਾਂ ਤਾਰੀਖਾਂ ਦੇ ਵਿਚਕਾਰ, ਵਾਇਰਸ ਦੇ ਇਸ ਵੈਰੀਐਂਟ ਦੇ ਕੁੱਲ 128 ਮਾਮਲੇ ਸਾਹਮਣੇ ਆਏ, ਜਿਨ੍ਹਾਂ ਨੂੰ ਭਾਰਤ ਜਾਣ ਵਾਲੇ ਲੋਕਾਂ ਵਿੱਚ ਪਾਇਆ ਗਿਆ। ਬੀ 1.617.2 ਨੂੰ ਪਹਿਲੀ ਵਾਰ ਬ੍ਰਿਟੇਨ ਵਿੱਚ 29 ਮਾਰਚ ਤੋਂ ਸ਼ੁਰੂ ਹੋਏ ਹਫ਼ਤੇ ਤੋਂ ਭਾਰਤ ਆਉਣ ਵਾਲੇ ਯਾਤਰੀਆਂ 'ਤੇ ਕੀਤੇ ਗਏ ਟੈਸਟਾਂ ਵਿੱਚ ਪਾਇਆ ਗਿਆ ਸੀ। 

ਪੜ੍ਹੋ ਇਹ ਅਹਿਮ ਖਬਰ- ਕੋਰੋਨਾ ਵੈਕਸੀਨ 'ਤੇ ਚੰਗੀ ਖ਼ਬਰ, ਭਾਰਤੀ ਵੈਰੀਐਂਟ ਖ਼ਿਲਾਫ਼ ਬਜ਼ੁਰਗਾਂ 'ਚ ਵਧੀ ਸੁਰੱਖਿਆ

29 ਮਾਰਚ ਅਤੇ 19 ਅਪ੍ਰੈਲ ਤੋਂ ਸ਼ੁਰੂ ਹੋਏ ਹਫ਼ਤੇ ਵਿੱਚ, ਇਸ ਵਾਇਰਸ ਤੋਂ ਪੀੜਤ 91 ਯਾਤਰੀ ਮੁੰਬਈ ਅਤੇ ਦਿੱਲੀ ਤੋਂ ਇੰਗਲੈਂਡ ਵਿੱਚ ਦਾਖਲ ਹੋਏ ਸਨ। ਯੂਕੇ 'ਚ ਪਿਛਲੇ ਹਫ਼ਤੇ ਵਾਇਰਸ ਦੇ ਇਸ ਰੂਪ ਦੇ ਮਾਮਲਿਆਂ ਦੀ ਗਿਣਤੀ ਵਿੱਚ 520 ਤੋਂ ਲੈ ਕੇ 1313 ਤੱਕ ਲੱਗਭਗ ਤਿੰਨ ਗੁਣਾ ਵਾਧਾ ਹੋਇਆ ਹੈ ਅਤੇ 12 ਮਈ ਤੱਕ ਇੰਗਲੈਂਡ ਵਿੱਚ ਇਸ ਰੂਪਾਂਤਰਣ ਕਰਕੇ ਚਾਰ ਮੌਤਾਂ ਹੋ ਚੁੱਕੀਆਂ ਹਨ। ਯੂਕੇ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਅਨੁਸਾਰ ਇਸ ਵਾਇਰਸ ਦੇ ਫੈਲਣ ਨਾਲ ਇੰਗਲੈਂਡ ਦੇ 21 ਜੂਨ ਨੂੰ ਇਸ ਦੇ ਮੌਜੂਦਾ ਤਾਲਾਬੰਦੀ ਨੂੰ ਖਤਮ ਕਰਨ ਦੇ ਟੀਚੇ ਵਿੱਚ ਦੇਰੀ ਸਕਦੀ ਹੈ।

ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News