UAE ਨੇ PAK ਤੋਂ ਵਾਪਸ ਮੰਗਿਆ 3.5 ਅਰਬ ਡਾਲਰ ਦਾ ਕਰਜ਼ਾ ! ਹੁਣ ਚੀਨ ਤੇ ਸਾਊਦੀ ਅੱਗੇ ਸ਼ਾਹਬਾਜ਼ ਨੇ ਫੈਲਾਏ ਹੱਥ
Tuesday, Apr 14, 2026 - 05:08 PM (IST)
ਇੰਟਰਨੈਸ਼ਨਲ ਡੈਸਕ : ਪਾਕਿਸਤਾਨ ਦੀਆਂ ਆਰਥਿਕ ਮੁਸ਼ਕਲਾਂ ਇੱਕ ਵਾਰ ਫਿਰ ਗੰਭੀਰ ਰੂਪ ਧਾਰਨ ਕਰ ਗਈਆਂ ਹਨ। ਸੰਯੁਕਤ ਅਰਬ ਅਮੀਰਾ (UAE) ਨੇ ਪਾਕਿਸਤਾਨ ਨੂੰ ਦਿੱਤੇ ਆਪਣੇ 3.5 ਅਰਬ ਡਾਲਰ (ਲਗਭਗ 29,000 ਕਰੋੜ ਰੁਪਏ) ਤੁਰੰਤ ਵਾਪਸ ਕਰਨ ਦਾ ਅਲਟੀਮੇਟਮ ਦੇ ਦਿੱਤਾ ਹੈ। ਇਸ ਅਚਾਨਕ ਮੰਗ ਨੇ ਪਾਕਿਸਤਾਨ ਦੇ ਵਿਦੇਸ਼ੀ ਮੁਦਰਾ ਭੰਡਾਰ 'ਤੇ ਭਾਰੀ ਦਬਾਅ ਪਾ ਦਿੱਤਾ ਹੈ, ਜਿਸ ਕਾਰਨ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੂੰ ਹੁਣ ਮਦਦ ਲਈ ਚੀਨ ਅਤੇ ਸਾਊਦੀ ਅਰਬ ਦੇ ਸਾਹਮਣੇ ਹੱਥ ਫੈਲਾਉਣੇ ਪੈ ਰਹੇ ਹਨ।
7 ਸਾਲਾਂ 'ਚ ਪਹਿਲੀ ਵਾਰ ਟੁੱਟਿਆ ਭਰੋਸਾ
ਰਿਪੋਰਟਾਂ ਅਨੁਸਾਰ, UAE ਦੇ 3 ਅਰਬ ਡਾਲਰ ਸਾਲ 2018 ਤੋਂ ਪਾਕਿਸਤਾਨ ਦੇ ਕੇਂਦਰੀ ਬੈਂਕ ਵਿੱਚ ਜਮ੍ਹਾਂ ਸਨ, ਜੋ ਹਰ ਸਾਲ ਰੋਲਓਵਰ (ਨਵੀਨੀਕਰਨ) ਹੁੰਦੇ ਆ ਰਹੇ ਸਨ। ਪਰ ਪਿਛਲੇ 7 ਸਾਲਾਂ ਵਿੱਚ ਇਹ ਪਹਿਲੀ ਵਾਰ ਹੈ ਜਦੋਂ ਪਾਕਿਸਤਾਨ UAE ਨਾਲ ਇਸ ਕਰਜ਼ੇ ਨੂੰ ਅੱਗੇ ਵਧਾਉਣ ਦਾ ਸਮਝੌਤਾ ਕਰਨ ਵਿੱਚ ਅਸਫਲ ਰਿਹਾ ਹੈ। ਇਸ ਤੋਂ ਇਲਾਵਾ, 45 ਕਰੋੜ ਡਾਲਰ ਦਾ ਇੱਕ ਹੋਰ ਪੁਰਾਣਾ ਕਰਜ਼ਾ ਵੀ ਬਾਕਾਇਦਾ ਹੈ, ਜਿਸ ਨੂੰ UAE ਇਸੇ ਮਹੀਨੇ ਦੇ ਅੰਤ ਤੱਕ ਵਾਪਸ ਮੰਗ ਰਿਹਾ ਹੈ।
ਸਿਰਫ 3 ਮਹੀਨਿਆਂ ਦਾ ਬਚਿਆ ਰਾਸ਼ਨ
ਪਾਕਿਸਤਾਨ ਕੋਲ ਇਸ ਸਮੇਂ ਲਗਭਗ 16 ਅਰਬ ਡਾਲਰ ਦਾ ਵਿਦੇਸ਼ੀ ਮੁਦਰਾ ਭੰਡਾਰ ਹੈ, ਜੋ ਸਿਰਫ ਤਿੰਨ ਮਹੀਨਿਆਂ ਦੇ ਆਯਾਤ ਲਈ ਕਾਫੀ ਹੈ। ਜੇਕਰ ਪਾਕਿਸਤਾਨ UAE ਨੂੰ ਇਹ 3.5 ਅਰਬ ਡਾਲਰ ਮੋੜ ਦਿੰਦਾ ਹੈ, ਤਾਂ ਉਸ ਦਾ ਖਜ਼ਾਨਾ ਬੁਰੀ ਤਰ੍ਹਾਂ ਖਾਲੀ ਹੋ ਜਾਵੇਗਾ ਅਤੇ ਦੇਸ਼ ਵਿੱਚ ਜ਼ਰੂਰੀ ਵਸਤਾਂ ਦੀ ਕਿੱਲਤ ਪੈਦਾ ਹੋ ਸਕਦੀ ਹੈ। ਇਸ ਸੰਕਟ ਤੋਂ ਬਚਣ ਲਈ ਸ਼ਾਹਬਾਜ਼ ਸਰਕਾਰ ਚੀਨ ਅਤੇ ਸਾਊਦੀ ਅਰਬ ਤੋਂ ਨਵੇਂ ਕਰਜ਼ੇ ਅਤੇ ਨਿਵੇਸ਼ ਲਈ ਗੱਲਬਾਤ ਕਰ ਰਹੀ ਹੈ।
ਕਿਉਂ ਨਾਰਾਜ਼ ਹੋਇਆ UAE?
ਮਾਹਿਰਾਂ ਦਾ ਮੰਨਣਾ ਹੈ ਕਿ UAE ਦੀ ਇਸ ਸਖ਼ਤੀ ਪਿੱਛੇ ਪਾਕਿਸਤਾਨ ਅਤੇ ਸਾਊਦੀ ਅਰਬ ਦੇ ਵਧਦੇ ਸਬੰਧ ਹੋ ਸਕਦੇ ਹਨ। ਹਾਲ ਹੀ ਵਿੱਚ ਪਾਕਿਸਤਾਨ ਨੇ ਸਾਊਦੀ ਅਰਬ ਦੀ ਸੁਰੱਖਿਆ ਲਈ ਆਪਣੇ ਫਾਈਟਰ ਜੈੱਟ ਭੇਜੇ ਹਨ, ਜਿਸ ਕਾਰਨ UAE ਅਤੇ ਸਾਊਦੀ ਵਿਚਾਲੇ ਚੱਲ ਰਹੀ ਖਿੱਚੋਤਾਣ ਦਾ ਅਸਰ ਪਾਕਿਸਤਾਨ 'ਤੇ ਪੈ ਰਿਹਾ ਹੈ। ਹਾਲਾਂਕਿ ਪਾਕਿਸਤਾਨੀ ਵਿਦੇਸ਼ ਮੰਤਰਾਲੇ ਨੇ ਇਸ ਨੂੰ ਸਿਰਫ ਇੱਕ 'ਰੂਟੀਨ ਵਿੱਤੀ ਲੈਣ-ਦੇਣ' ਦੱਸਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
