UAE : ਸ਼ਾਰਜਾਹ ਦੀ ਬਹੁਮੰਜ਼ਲਾ ਇਮਾਰਤ 'ਚ ਲੱਗੀ ਭਿਆਨਕ ਅੱਗ, 12 ਲੋਕ ਜ਼ਖਮੀ

05/06/2020 8:10:54 AM

ਸ਼ਾਰਜਾਹ- ਸੰਯੁਕਤ ਅਰਬ ਅਮੀਰਾਤ ਦੇ ਸ਼ਹਿਰ ਸ਼ਾਰਜਾਹ ਦੇ ਅਲ ਨਾਹਦਾ ਵਿਚ ਇਕ ਬਹੁਮੰਜ਼ਲਾ ਰਿਹਾਇਸ਼ੀ ਇਮਾਰਤ ਵਿਚ ਮੰਗਲਵਾਰ ਰਾਤ ਨੂੰ ਅੱਗ ਲੱਗ ਗਈ। ਸ਼ਾਰਜਾਹ ਸਿਵਲ ਡਿਫੈਂਸ ਮੁਤਾਬਕ ਅਲ ਨਾਹਦਾ ਦੇ ਆਬਕੋ ਟਾਵਰ ਵਿਚ ਇਹ ਹਾਦਸਾ ਵਾਪਰਿਆ। ਇਸ ਦੌਰਾਨ 12 ਲੋਕ ਜ਼ਖਮੀ ਹੋ ਗਏ, ਜਿਨ੍ਹਾਂ ਵਿਚੋਂ 7 ਲੋਕਾਂ ਨੂੰ ਘਟਨਾ ਵਾਲੇ ਸਥਾਨ 'ਤੇ ਮੈਡੀਕਲ ਸਹਾਇਤਾ ਦਿੱਤੀ ਗਈ ਤੇ ਹੋਰ 5 ਲੋਕਾਂ ਨੂੰ ਹਸਪਤਾਲ ਲੈ ਜਾਇਆ ਗਿਆ। ਕਿਹਾ ਜਾ ਰਿਹਾ ਹੈ ਕਿ ਪਹਿਲਾਂ ਇਮਾਰਤ ਦੀ 10ਵੀਂ ਮੰਜ਼ਲ ਵਿਚ ਅੱਗ ਲੱਗੀ ਤੇ ਫਿਰ ਇਹ ਫੈਲ ਗਈ। 

PunjabKesari

ਸਥਾਨਕ ਮੀਡੀਆ ਰਿਪੋਰਟਾਂ ਅਨੁਸਾਰ ਮੰਗਲਵਾਰ ਰਾਤ 49 ਮੰਜ਼ਲਾ ਇਮਾਰਤ ਵਿਚ ਭਿਆਨਕ ਅੱਗ ਲੱਗੀ। ਅੱਗ ਦੀਆਂ ਲਪਟਾਂ ਕਾਰਨ ਆਸਮਾਨ ਤੇ ਸਾਰਾ ਖੇਤਰ ਲਾਲ ਦਿਖਾਈ ਦੇ ਰਿਹਾ ਸੀ। ਇਸ ਇਮਾਰਤ ਵਿਚ 250 ਪਰਿਵਾਰ ਰਹਿੰਦੇ ਹਨ, ਜਿਨ੍ਹਾਂ ਨੇ ਜਲਦੀ ਨਾਲ ਇਮਾਰਤ ਖਾਲੀ ਕੀਤੀ।

ਡਰੋਨ ਦੀ ਸਹਾਇਤਾ ਨਾਲ ਅਧਿਕਾਰੀਆਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਇਮਾਰਤ ਅੰਦਰ ਕੋਈ ਫਸਿਆ ਨਾ ਰਹੇ। ਫਿਲਹਾਲ ਇੱਥੇ ਰਹਿਣ ਵਾਲੇ ਲੋਕਾਂ ਦੇ ਕਿਤੇ ਹੋਰ ਰਹਿਣ ਦਾ ਪ੍ਰਬੰਧ ਵੀ ਕੀਤਾ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਅੱਗ ਕਾਰਨ ਪਾਰਕਿੰਗ ਵਿਚ ਖੜ੍ਹੀਆਂ ਗੱਡੀਆਂ ਨੂੰ ਵੀ ਨੁਕਸਾਨ ਪੁੱਜਾ ਹੈ। 

PunjabKesari
ਇਸ ਇਮਾਰਤ ਵਿਚ 36 ਰਿਹਾਇਸ਼ੀ ਫਲੈਟ ਅਤੇ 20 ਕਾਰ ਪਾਰਕਿੰਗ ਲੈਵਲ ਹਨ। ਇਸ ਦਾ ਨਿਰਮਾਣ 2006 ਵਿਚ ਕੀਤਾ ਗਿਆ ਸੀ। ਯੂ. ਏ. ਈ. ਦੇ ਸਥਾਨਕ ਮੀਡੀਆ ਦਾ ਕਹਿਣਾ ਹੈ ਕਿ ਇਸ ਇਮਾਰਤ ਵਿਚ ਫਸੇ ਸਾਰੇ ਲੋਕਾਂ ਨੂੰ ਸਿਵਲ ਡਿਫੈਂਸ ਟੀਮ ਨੇ ਬਾਹਰ ਕੱਢ ਲਿਆ। ਅੱਗ ਬੁਝਾਉਣ ਲਈ ਹਾਈਡ੍ਰੌਲਿਕ ਫਾਇਰ ਮਸ਼ੀਨਾਂ ਲਗਾਈਆਂ ਗਈਆਂ ਸਨ। ਇਮਾਰਤ ਕਾਫੀ ਉੱਚੀ ਹੋਣ ਕਾਰਨ ਅੱਗ 'ਤੇ ਕਾਬੂ ਪਾਉਣ ਵਿਚ ਲਗਭਗ 3 ਕੁ ਘੰਟਿਆਂ ਦਾ ਸਮਾਂ ਲੱਗਾ ਪਰ ਇਸ ਘਟਨਾ ਵਿਚ ਕਿਸੇ ਦੀ ਮੌਤ ਹੋਣ ਦੀ ਕੋਈ ਖਬਰ ਨਹੀਂ ਹੈ।
 PunjabKesari
ਜ਼ਿਕਰਯੋਗ ਹੈ ਕਿ ਸ਼ਾਰਜਾਹ ਸੰਯੁਕਤ ਅਰਬ ਅਮੀਰਾਤ ਦਾ ਤੀਜਾ ਸਭ ਤੋਂ ਵੱਧ ਆਬਾਦੀ ਵਾਲਾ ਸ਼ਹਿਰ ਹੈ ਅਤੇ ਇਸ ਸ਼ਹਿਰ ਵਿਚ ਵੱਡੀ ਗਿਣਤੀ ਵਿਚ ਪ੍ਰਵਾਸੀ ਭਾਰਤੀ ਰਹਿੰਦੇ ਹਨ।


Lalita Mam

Content Editor

Related News